ਗਤਿ
gati/gati

ਪਰਿਭਾਸ਼ਾ

ਦੇਖੋ, ਗਮ੍‌ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ.
ਸਰੋਤ: ਮਹਾਨਕੋਸ਼