ਪਰਿਭਾਸ਼ਾ
ਸੰ. ਗਣਿਕਾ. ਸੰਗ੍ਯਾ- ਵੇਸ਼੍ਯਾ. ਕੰਚਨੀ. ਦੇਖੋ, ਗਣਿਕਾ. ਗੁਰਬਾਣੀ ਵਿੱਚ ਦੋ ਗਨਿਕਾ ਦਾ ਪ੍ਰਸੰਗ ਆਉਂਦਾ ਹੈ. ਇੱਕ ਪਿੰਗਲਾ, ਜੋ ਰਾਜਾ ਜਨਕ ਦੀ ਪੁਰੀ ਵਿੱਚ ਰਹਿੰਦੀ ਸੀ. ਇੱਕ ਰਾਤ ਇਸ ਨੂੰ ਕੋਈ ਕਾਮੀ ਪੁਰਖ ਨਾ ਮਿਲਿਆ. ਅੱਧੀ ਰਾਤ ਵੀਤਣ ਪੁਰ ਮਨ ਨੂੰ ਪਛਤਾਵਾ ਹੋਇਆ ਅਤੇ ਖ਼ਿਆਲ ਉਪਜਿਆ ਕਿ ਜੇ ਇਤਨਾ ਧ੍ਯਾਨ ਅਤੇ ਪਿਆਰ ਕਰਤਾਰ ਵੱਲ ਜੋੜਦੀ, ਤਦ ਕੇਹਾ ਉੱਤਮ ਫਲ ਹੁੰਦਾ. ਉਸੇ ਵੇਲੇ ਸਭ ਕੁਕਰਮ ਛੱਡਕੇ ਕਰਤਾਰ ਪਰਾਇਣ ਹੋਈ ਅਤੇ ਪਵਿਤ੍ਰ ਜੀਵਨ ਵਿਤਾਇਆ. ਇਸੇ ਗਨਿਕਾ ਨੂੰ ਦੱਤਾਤ੍ਰੇਯ ਜੀ ਨੇ ਗੁਰੂ ਕਲਪਿਆ ਸੀ. "ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ." (ਕੇਦਾ ਰਵਿਦਾਸ)#ਦੂਜੀ ਗਨਿਕਾ ਉਹ ਸੀ, ਜਿਸ ਨੂੰ ਕਿਸੇ ਸਾਧੂ ਨੇ ਤੋਤਾ ਦੇ ਕੇ ਹਰਿਨਾਮ ਸਿਖਾਉਣ ਦਾ ਉਪਦੇਸ਼ ਦਿੱਤਾ ਅਤੇ ਉਹ ਨਾਮਅਭ੍ਯਾਸ ਵਿੱਚ ਲੱਗਕੇ ਪਵਿਤ੍ਰਾਤਮਾ ਹੋ ਗਈ. "ਗਨਿਕਾ ਉਧਰੀ ਹਰਿ ਕਹੈ ਤੋਤ." (ਬਸੰ ਅਃ ਮਃ ੫) "ਜਿਹ ਸਿਮਰਤ ਗਨਕਾ ਸੀ ਉਧਰੀ." (ਸੋਰ ਮਃ ੯) ਦੇਖੋ ਗਨਿਕਾ.
ਸਰੋਤ: ਮਹਾਨਕੋਸ਼