ਪਰਿਭਾਸ਼ਾ
ਸੰ. गंभीर ਵਿ- ਗੰਭੀਰ. ਡੂੰਘਾ. ਅਥਾਹ. "ਗੁਰਮਤਿ ਗਭੀਰ." (ਸਵੈਯੇ ਮਃ ੫. ਕੇ) "ਗੁਣਗਭੀਰ ਗੁਣਨਾਇਕਾ." (ਬਿਲਾ ਮਃ ੫) "ਸਤਿਗੁਰੁ ਗਹਿਰਗਭੀਰੁ ਹੈ." (ਸ੍ਰੀ ਮਃ ੫)#੨. ਨਾੜ ਅਥਵਾ ਹੱਡ ਵਿੱਚ ਹੋਇਆ ਵਗਣ ਵਾਲਾ ਫੋੜਾ. ਨਾੜੀਵ੍ਰਣ, ਜਿਸ ਦੀ ਜੜ ਡੂੰਘੀ (ਗਭੀਰ) ਹੁੰਦੀ ਹੈ. ਇਹ ਲਹੂ ਦੇ ਵਿਗਾੜ ਤੋਂ ਉਪਜਦਾ ਹੈ, ਇਸ ਲਈ ਲਹੂ ਸਾਫ ਕਰਨ ਵਾਲੀਆਂ ਦਵਾਈਆਂ ਵਰਤਣੀਆਂ ਚਾਹੀਏ, ਅਤੇ ਸਿਆਣੇ ਡਾਕਟਰ ਤੋਂ ਨਾਸੂਰ ਦਾ ਇਲਾਜ ਕਰਾਉਣਾ ਲੋੜੀਏ. ਹੇਠ ਲਿਖੀ ਦਵਾਈ ਗਭੀਰ ਲਈ ਉੱਤਮ ਸਿੱਧ ਹੋਈ ਹੈ-#ਸਮੁੰਦਰਝੱਗ, ਚਰਾਇਤਾ, ਨਿੰਮ ਦਾ ਪੰਚਾਂਗ, ਆਉਲੇ, ਭੰਗਰਾ, ਬਾਬਚੀ, ਵਡੀ ਹਰੜ, ਬਹੇੜੇ, ਅਸਗੰਧ, ਪੁਨਰਨਵਾ, ਸੰਭਾਲੂ, ਦੇਵਦਾਰੁ, ਗਲੋਇ, ਇੰਦ੍ਰਾਯਣ, ਮੁੰਡੀ, ਸੁਹਾਂਜਣਾ ਅਤੇ ਪਲਾਸਬੀਜ, ਇਹ ਸਮਾਨ ਵਜ਼ਨ ਦੀਆਂ ਲੈ ਕੇ ਪੀਸਕੇ ਚੂਰਣ ਬਣਾਵੇ, ਚਾਰ ਮਾਸ਼ੇ ਨਿੱਤ ਸੱਜਰੇ ਜਲ ਨਾਲ ਵਰਤੇ.#ਉੱਪਰ ਲਾਉਣ ਲਈ ਇਹ ਤੇਲ ਗੁਣਕਾਰੀ ਹੈ- ਮਸਰੀ ਦੀ ਦਾਲ ਅਤੇ ਕਪੂਰ ਇਕੋ ਤੋਲ ਦੇ ਲੈ ਕੇ ਗਊ ਦੇ ਘੀ ਵਿੱਚ ਮਿਲਾਕੇ ਪਤਾਲਯੰਤ੍ਰ ਨਾਲ ਟਪਕਾ ਲਵੇ. ਦੋ ਵੇਲੇ ਇਹ ਤੇਲ ਫੰਬੇ ਨਾਲ ਨਾਸੂਰ ਤੇ ਲਾਵੇ.
ਸਰੋਤ: ਮਹਾਨਕੋਸ਼