ਗਰਨਾ ਸਾਹਿਬ
garanaa saahiba/garanā sāhiba

ਪਰਿਭਾਸ਼ਾ

ਜਿਲਾ ਹੁਸ਼ਿਆਰਪੁਰ, ਥਾਣਾ ਦਸੂਹਾ ਵਿੱਚ ਪਿੰਡ "ਬੋਦਲ" ਤੋਂ ਪੱਛਮ ਵੱਲ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਵਡਾ ਸੰਘਣਾ ਜੰਗਲ ਸੀ. ਗੁਰੂ ਜੀ ਕਰਤਾਰਪੁਰੋਂ ਇੱਥੇ ਸ਼ਿਕਾਰ ਖੇਡਣ ਲਈ ਆਏ ਤਾਂ ਗਰਨੇ ਬਿਰਛ ਹੇਠ ਕੁਝ ਸਮਾਂ ਵਿਰਾਜੇ.#ਇਸ ਪਿੰਡ (ਬੋਦਲ) ਦੇ ਚੂਹੜ ਮਿਰਾਸੀ ਨੂੰ ਬੁਲਾਕੇ ਗੁਰੂ ਜੀ ਨੇ ਕਿਹਾ ਕਿ ਤੂੰ ਕੀਰਤਨ ਕੀਤਾ ਕਰ. ਉਸ ਨੂੰ ਇੱਕ ਰਬਾਬ ਦਿੱਤਾ, ਜੋ ਹੁਣ "ਸ੍ਰੀ ਹਰਿਗੋਬਿੰਦਪੁਰ ਸਤਿਕਰਤਾਰੀਆਂ ਦੇ ਡੇਰੇ ਮੌਜੂਦ ਹੈ.#ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਸਭ ਤੋਂ ਪਹਿਲਾਂ ਗੁਰਦ੍ਵਾਰੇ ਦੀ ਸੇਵਾ ਸਰਦਾਰ ਜੋਧ ਸਿੰਘ ਜੀ ਜਥੇਦਾਰ ਮਿਸਲ ਰਾਮਗੜ੍ਹੀਆਂ ਨੇ ਕੀਤੀ. ਸਤਿਗੁਰੂ ਜੀ ਦੇ ਸਮੇਂ ਦਾ ਗਰਨੇ ਦਾ ਬਿਰਛ ਗੁਰਦ੍ਵਾਰੇ ਦੀ ਪਰਿਕ੍ਰਮਾ (ਪਰਕੰਮਿਆ) ਵਿੱਚ ਹੈ.#ਗੁਰਦ੍ਵਾਰੇ ਦੇ ਨਾਲ ੧੩. ਘੁਮਾਉਂ ਦੇ ਕਰੀਬ ਜ਼ਮੀਨ ਹੈ, ਜੋ ਸਿੱਖਰਾਜ ਸਮੇਂ ਦੀ ਹੈ ਅਤੇ ੧੦. ਕਨਾਲ ਜ਼ਮੀਨ ਮਾਈ ਪ੍ਰੇਮ ਕੌਰ ਨੇ ਦਿੱਤੀ ਹੈ. ਗੁਰਦ੍ਵਾਰੇ ਦੇ ਪਾਸ ਹੀ ਰਹਿਣ ਦੇ ਮਕਾਨ ਹਨ, ਜਿੱਥੇ ਆਏ ਮੁਸਾਫਰਾਂ ਨੂੰ ਆਰਾਮ ਮਿਲਦਾ ਹੈ ਅਤੇ ਲੰਗਰ ਦਾ ਪ੍ਰਬੰਧ ਭੀ ਹੈ.#ਮੇਲਾ ਵੈਸਾਖੀ ਅਤੇ ਮਾਘੀ ਨੂੰ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗਰਨਾਸਾਹਿਬ ਤੋਂ ਇਕੱ ਮੀਲ ਅਗਨਿਕੋਣ ਹੈ.
ਸਰੋਤ: ਮਹਾਨਕੋਸ਼