ਪਰਿਭਾਸ਼ਾ
ਗਰਭ (ਹਮਲ) ਦਾ ਸ੍ਰਵ (ਚੁਇਜਾਣਾ) [اِسقاط حمل] ਇਸਕ਼ਾਤ਼ ਹ਼ਮਲ. Abortion. ਕੱਚਾ ਗਰਭ ਕਈ ਕਾਰਣਾਂ ਤੋਂ ਡਿਗ ਪੈਂਦਾ ਹੈ, ਪਰ ਮੁੱਖ ਇਹ ਹਨ- ਮਾਤਾ ਪਿਤਾ ਨੂੰ ਕੋਈ ਭੈੜਾ ਰੋਗ ਹੋਣਾ, ਅਚਾਨਕ ਸ਼ੋਕ ਦੀ ਗੱਲ ਸੁਣਨਾ, ਡਰਨਾ, ਡਿਗਕੇ ਸੱਟ ਲੱਗਣੀ, ਬਹੁਤ ਭੁੱਖ ਤ੍ਰੇਹ ਕੱਟਣੀ, ਉੱਚੇ ਨੀਵੇਂ ਥਾਂ ਚੜ੍ਹਨਾ, ਪੇਚਿਸ਼ ਹੋਣੀ, ਗਰਭਾਸ਼ਯ (ਰਿਹ਼ਮ) ਦਾ ਮੂੰਹ ਖੁੱਲ ਜਾਣਾ, ਬਹੁਤ ਪੈਂਡਾ ਕਰਨਾ, ਗਰਮ ਪਦਾਰਥਾਂ ਦਾ ਬਹੁਤ ਸੇਵਨ ਕਰਨਾ, ਕੁੱਦਣਾ, ਗਰਭ ਸਮੇਂ ਮੈਥੁਨ ਕਰਨਾ, ਪੈੜੇ ਦੀ ਬੀਮਾਰੀ ਹੋਣੀ ਆਦਿਕ.#ਇਸ ਦਾ ਇਲਾਜ ਹੈ ਕਿ-#(੧) ਇਸਤ੍ਰੀ ੧੫. ਮਹੀਨੇ ਤੀਕ ਪਤੀ ਦਾ ਸੰਗ ਨਾ ਕਰੇ ਅਤੇ ਜਦ ਗਰਭ ਠਹਿਰ ਜਾਵੇ ਤਾਂ ਭੀ ਮੈਥੁਨ ਦਾ ਤਿਆਗ ਰੱਖੇ.#(੨) ਗਰਭ ਠਹਿਰਣ ਪੁਰ ਨਰਮ ਗਿਜਾ ਖਾਵੇ. ਚਰਪਰੀ ਅਤੇ ਭਾਰੀ ਚੀਜਾਂ ਛੱਡ ਦੇਵੇ.#(੩) ਬਨਾਰਸੀ ਆਉਲੇ ਦਾ ਮੁਰੱਬਾ ਚਾਂਦੀ ਦਾ ਵਰਕ ਲਾਕੇ ਖਾਵੇ.#(੪) ਅਨਾਰਸ਼ਰਬਤ ਜਾਂ ਚੰਦਨ ਦੇ ਬੁਰਾਦੇ ਦਾ ਸ਼ਰਬਤ ਪੀਵੇ.#(੫) ਸਫੇਦਚੰਦਨ ਦਾ ਬੁਰਾਦਾ, ਕੌਲਡੋਡੇ ਦੀ ਗਿਰੂ, ਛੋਟੀਆਂ ਇਲਾਇਚੀਆਂ, ਵੰਸਲੋਚਨ, ਲੋਧਪਠਾਨੀ, ਸੁੱਕੇ ਆਉਲੇ, ਕਤੀਰਾ ਗੂੰਦ, ਸਤਾਵਰ, ਸੰਘਾੜੇ ਦੀ ਗਿਰੀ, ਮੁਲੱਠੀ ਦਾ ਆਟਾ, ਕਚੂਰ, ਮੋਚਰਸ, ਸਤ ਈਸਬਗੋਲ, ਮਿਸ਼ਰੀ, ਕੁਸ਼ਤਾ ਫੌਲਾਦੀ ਆਬੀ, ਸਭ ਚੀਜਾਂ ਸਮਾਨ ਤੋਲ ਦੀਆਂ ਲੈ ਕੇ ਪੀਸਕੇ ਦੋ ਦੋ ਮਾਸ਼ੇ ਦੀਆਂ ਪੁੜੀਆਂ ਬਣਾਕੇ ਗਊ ਦੇ ਦੁੱਧ ਨਾਲ ਇੱਕ ਸਵੇਰੇ ਇੱਕ ਸੰਝ ਨੂੰ ਖਾਵੇ. ਜਦ ਗਰਭ ਪੰਜ ਮਹੀਨੇ ਦਾ ਹੋ ਜਾਵੇ ਤਾਂ ਇਸ ਦਾ ਵਰਤਣਾਂ ਛੱਡ ਦੇਵੇ "ਕਈ ਜਨਮ ਗਰਭ ਹਿਰਿ ਖਰਿਆ." (ਗਉ ਮਃ ੫) ਦੇਖੋ, ਅਠਰਾਹਾ ਅਤੇ ਗਰਭਪਾਤ.
ਸਰੋਤ: ਮਹਾਨਕੋਸ਼