ਪਰਿਭਾਸ਼ਾ
ਦੇਖੋ, ਗਹਰਗੰਭੀਰ. "ਵਡੇ ਮੇਰੇ ਸਾਹਿਬਾ ਗਹਿਰਗੰਭੀਰਾ ਗੁਣੀਗਹੀਰਾ." (ਸੋਦਰੁ) ੨. ਜਿਲਾ ਲੁਦਿਆਨੇ ਦੇ ਪਿੰਡ 'ਠਾਣਾ' ਵਿੱਚ ਚੇਤ ਬਦੀ ੯. ਸੰਮਤ ੧੯੨੦ ਨੂੰ ਸੁੱਖੀ ਦੇ ਗਰਭ ਤੋਂ ਕਾਨ੍ਹਚੰਦ ਤਖਾਣ ਦੇ ਘਰ ਬਿਸਨਾ ਪੈਦਾ ਹੋਇਆ, ਜੋ ਮਤਾਬਦਾਸ ਉਦਾਸੀ ਦਾ ਚੇਲਾ ਹੋ ਕੇ ਬਿਸਨਦਾਸ ਕਹਾਇਆ. ਇਹ ਉਦਾਸੀਆਂ ਦੇ ਵਡੇ ਅਖਾੜੇ ਨਾਲ ਮਿਲਕੇ ਕਈ ਵਰ੍ਹੇ ਵਿਚਰਦਾ ਰਿਹਾ. ਸੰਮਤ ੧੯੪੪ ਵਿੱਚ ਰੋਪੜ ਡੇਰਾ ਜਮਾਕੇ ਉਪਦੇਸ਼ ਕਰਨਾ ਅਰੰਭਿਆ. ਬਿਸਨਦਾਸ ਦਾ ਖਿਆਲ ਹੈ ਕਿ ਕਰਤਾਰ ਦਾ ਸਭ ਤੋਂ ਉੱਤਮ ਨਾਉਂ, "ਗਹਿਰਗੰਭੀਰ" ਹੈ, ਇਸ ਦੀ ਤਾਈਦ ਵਿੱਚ ਉਹ ਗੁਰਬਾਣੀ ਦੀਆਂ ਇਹ ਤੁਕਾਂ ਪੜ੍ਹਿਆ ਕਰਦਾ ਹੈ- "ਗਹਿਰਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) "ਗਹਿਰਗੰਭੀਰ ਅਥਾਹੁ ਹਾਥ ਨ ਲਭਈ." (ਵਾਰ ਮਲਾ ਮਃ ੧) ਗਹਿਰਗੰਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ." (ਵਾਰ ਮਾਰੂ ੨. ਮਃ ੫) "ਗਹਿਰਗੰਭੀਰ ਸਾਗਰ ਅਵਰ ਨਹੀ ਅਨਪੂਜਾ." (ਸਾਰ ਅਃ ਮਃ ੧) "ਗਹਿਰਗੰਭੀਰ ਰਤਨਾਗਰ ਬੇਅੰਤ ਗੋਵਿੰਦੇ." (ਮਾਝ ਮਃ ੫) ਬਿਸਨਦਾਸ ਦੇ ਚੇਲੇ 'ਗਹਿਰਗੰਭੀਰੀਏ' ਪ੍ਰਸਿੱਧ ਹੋ ਗਏ. ਇਨ੍ਹਾਂ ਦਾ ਧਰਮਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੁੱਖ ਅਸਥਾਨ ਰੋਪੜ (ਜਿਲਾ ਅੰਬਾਲਾ) ਵਿੱਚ ਹੈ.
ਸਰੋਤ: ਮਹਾਨਕੋਸ਼