ਪਰਿਭਾਸ਼ਾ
ਸੰਗ੍ਯਾ- ਗਲਗੰਡ. ਇੱਕ ਬੀਮਾਰੀ, ਜਿਸ ਨਾਲ ਗਲੇ ਦਾ ਮਾਸ ਫੁੱਲ ਜਾਂਦਾ ਹੈ. [غوُتر] ਗ਼ੂਤਰ. Goiter. ਪਹਾੜ ਆਦਿ ਦੇਸਾਂ ਵਿੱਚ ਜਿੱਥੇ ਪਾਣੀ ਵਿੱਚ ਚੂਨੇ ਦਾ ਅੰਸ ਬਹੁਤ ਹੋਵੇ, ਉੱਥੇ ਇਹ ਰੋਗ ਜਾਦਾ ਹੁੰਦਾ ਹੈ. ਗਲ ਫੁੱਲਕੇ ਵਡੀ ਰਸੌਲੀ ਜੇਹੀ ਹੋ ਜਾਂਦੀ ਹੈ. ਬਹੁਤ ਵਧ ਜਾਣ ਤੋਂ ਗਲ ਹੇਠ ਮਾਸ ਲਟਕਣ ਲਗ ਜਾਂਦਾ ਹੈ. ਇਸ ਦਾ ਉੱਤਮ ਇਲਾਜ ਇਹ ਹੈ ਕਿ ਜਿਸ ਦੇਸ਼ ਵਿੱਚ ਗਿਲ੍ਹੜ ਨਾ ਹੋਵੇ ਉੱਥੇ ਜਾ ਰਹੇ. ਪਾਣੀ ਉਬਾਲ ਅਤੇ ਫ਼ਿਲਟਰ ਕਰਕੇ ਪੀਵੇ. ਸਣ ਦੇ ਬੀਜ ਪਾਣੀ ਵਿੱਚ ਪੀਹਕੇ ਕੋਸੇ ਕੋਸੇ ਗਿਲ੍ਹੜ ਤੇ ਬੰਨ੍ਹੇ. ਪਲਾਸ (ਢੱਕ) ਦੀ ਜੜ ਚਾਉਲਾਂ ਦੇ ਧੋਣ ਨਾਲ ਰਗੜਕੇ ਲੇਪ ਕਰੇ. ਦਾਰੁਹਲਦੀ, ਸੁਹਾਗਾ ਬਰੀਕ ਪੀਹਕੇ ਘੀਕੁਆਰ ਦੇ ਪੱਠੇ ਤੇ ਛਿੜਕਕੇ ਬੰਨ੍ਹੇ. ਗਿਲ੍ਹੜਪਤ੍ਰ ਅਤੇ ਕਾਲੀਆਂ ਮਿਰਚਾਂ ਦਾ ਚੂਰਣ ਇੱਕ ਇੱਕ ਮਾਸ਼ਾ ਸਵੇਰੇ ਅਤੇ ਸੰਝ ਪਾਣੀ ਨਾਲ ਫੱਕੇ.
ਸਰੋਤ: ਮਹਾਨਕੋਸ਼