ਗੁਜਰਾਤ
gujaraata/gujarāta

ਪਰਿਭਾਸ਼ਾ

ਸੰ. गुर्जर ਗੁਰ੍‍ਜਰ. ਸੰਗ੍ਯਾ- ਬੰਬਈ ਹਾਤੇ ਦਾ ਇੱਕ ਪਰਗਨਾ, ਜਿਸ ਵਿੱਚ ਕਛ, ਕਾਠੀਆਵਾੜ, ਪਾਲਨਪੁਰ ਅਤੇ ਦਮਾਨ ਦਾ ਇਲਾਕਾ ਹੈ. ਇਸ ਦੀ ਬੋਲੀ ਗੁਜਰਾਤੀ ਹੈ। ੨. ਗੁਜਰਾਤ ਦੇਸ਼ ਅਤੇ ਗੁਜਰਾਤ ਨਗਰ ਦੀ ਬਣੀ ਹੋਈ ਤਲਵਾਰ, ਜਿਸਦੇ ਦੋ ਭੇਦ ਹਨ- ਵਡੀ ਗੁਜਰਾਤ ਅਤੇ ਛੋਟੀ ਗੁਜਰਾਤ. ਦੇਖੋ, ਛੋਟੀ ਗੁਜਰਾਤ। ੩. ਪੰਜਾਬ ਦਾ ਇੱਕ ਨਗਰ, ਜੋ ਜਿਲੇ ਦਾ ਅਸਥਾਨ ਹੈ. ਇਹ ਵਜ਼ੀਰਾਬਾਦ ਅਤੇ ਲਾਲਾਮੂਸਾ ਦੇ ਮੱਧ ਹੈ. ਗੁਜਰਾਤ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਾਬੁਲੀ ਦਰਵਾਜ਼ੇ ਗੁਰਦ੍ਵਾਰਾ ਹੈ. ਕਸ਼ਮੀਰ ਤੋਂ ਹਟਦੇ ਹੋਏ ਗੁਰੂ ਸਾਹਿਬ ਇੱਥੇ ਵਿਰਾਜੇ ਹਨ. ਰੇਲਵੇ ਸਟੇਸ਼ਨ ਗੁਜਰਾਤ ਤੋਂ ਇੱਕ ਮੀਲ ਪੂਰਵ ਹੈ.#ਗੁਜਰਾਤ ਵਿੱਚ ਸੁਨਿਆਰਾਂ ਦੀ ਗਲੀ ਭਾਈ ਲਾਲ ਸਿੰਘ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਹੁਕਮਨਾਮੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਨਕਲ ਦੇਖਣ ਤੋਂ ਨਿਸਚਾ ਨਹੀਂ ਹੁੰਦਾ ਕਿ ਇਹ ਸਤਿਗੁਰੂ ਦੇ ਲਿਖੇ ਹੋਏ ਹਨ, ਕਿਉਂਕਿ ਸੰਮਤ ੧੭੫੪ ਦੇ ਹੁਕਮਨਾਮੇ ਵਿੱਚ ਖਾਲਸੇ ਦਾ ਜਿਕਰ ਹੈ. ਖਾਲਸਾ ਸੰਮਤ ੧੭੫੬ ਵਿੱਚ ਸਜਿਆ ਹੈ।#ਗੁਜਰਾਤ ਪਾਸ ਸਿੱਖਾਂ ਅਤੇ ਅੰਗ੍ਰੇਜਾਂ ਦਾ ਅੰਤਿਮ ਜੰਗ ੨੧. ਫਰਵਰੀ ਸਨ ੧੮੪੯ ਨੂੰ ਹੋਇਆ ਸੀ.#ਦੇਖੋ, ਗੜੀਆ ੩. ਅਤੇ ਦੌਲਾਸ਼ਾਹ.
ਸਰੋਤ: ਮਹਾਨਕੋਸ਼