ਪਰਿਭਾਸ਼ਾ
ਕਰਤਾਰਪੁਰ ਨਿਵਾਸੀ ਲਾਲਚੰਦ ਸੁਭਿਖੀਏ ਖਤ੍ਰੀ ਦੀ, ਮਾਤਾ ਬਿਸਨਕੌਰ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੧੫. ਅੱਸੂ ਸੰਮਤ ੧੬੮੬ ਨੂੰ ਕਰਤਾਰਪੁਰ ਵਿੱਚ ਗੁਰੂ ਤੇਗ ਬਹਾਦੁਰ ਜੀ ਨਾਲ ਹੋਇਆ, ਅਤੇ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹੋਣ ਦਾ ਮਾਨ ਪ੍ਰਾਪਤ ਕੀਤਾ.#ਜਿਸ ਵੇਲੇ ਛੋਟੇ ਸਾਹਿਬਜ਼ਾਦੇ ਤੁਰਕਾਂ ਦੇ ਫੜੇ ਹੋਏ ਸਰਹਿੰਦ ਪਹੁਚੇ ਹਨ, ਤਦ ਮਾਤਾ ਜੀ ਨਾਲ ਸਨ. ਪੋਤਿਆਂ ਦਾ ਸ਼ਹੀਦ ਹੋਣਾ ਸੁਣਕੇ ੧੩. ਪੋਹ ਸੰਮਤ ੧੭੬੧ ਨੂੰ ਆਪ ਦੇਹ ਤ੍ਯਾਗਕੇ ਗੁਰਪੁਰਿ ਪਧਾਰੇ. ਜਿਸ ਬੁਰਜ ਵਿੱਚ ਮਾਤਾ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤੇਹ ਸਿੰਘ ਜੀ ਨਜਰਬੰਦ ਰਹੇ ਸਨ, ਉਸ ਦਾ ਨਾਉਂ ਹੁਣ "ਮਾਤਾ ਗੁਜਰੀ ਦਾ ਬੁਰਜ" ਹੈ. ਆਪ ਦੀ ਸਮਾਧਿ ਗੁਰਦ੍ਵਾਰਾ ਜੋਤਿਸਰੂਪ ਪਾਸ ਹੈ. ਦੋਖੋ, ਸਰਹਿੰਦ ਅਤੇ ਫਤੇਗੜ੍ਹ.
ਸਰੋਤ: ਮਹਾਨਕੋਸ਼