ਪਰਿਭਾਸ਼ਾ
ਜਿਲਾ ਫ਼ਿਰੋਜ਼ਪੁਰ, ਤਸੀਲ ਮੁਕਤਸਰ, ਬਾਣਾ ਕੋਟਭਾਈ ਦਾ ਇੱਕ ਪਿੰਡ ਛੱਤੇਆਣਾ, ਉਸ ਤੋਂ ਅਗਨਿ ਕੋਣ ਇੱਕ ਮੀਲ ਪੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇਥੇ ਆਏ, ਤਾਂ ਨੌਕਰਾਂ ਨੇ ਤਨਖ਼੍ਵਾਹ ਮੰਗੀ. ਗੁਰੂ ਸਾਹਿਬ ਨੇ ਘੋੜਾ ਠਹਿਰਾ ਲਿਆ, ਉਸ ਵੇਲੇ ਇੱਕ ਸਿੱਖ ਨੇ ਅਚਾਨਕ ਰੁਪਏ ਅਤੇ ਅਸ਼ਰਫ਼ੀਆਂ ਦੀ ਲੱਦੀ ਹੋਈ ਖੱਚਰ ਗੁਰੂ ਜੀ ਅੱਗੇ ਲਿਆ ਢਾਲੀ. ਸਤਿਗੁਰੂ ਜੀ ਨੇ ਅੱਠ ਆਨੇ ਸਵਾਰ, ਚਾਰ ਆਨੇ ਪੈਦਲ ਨੂੰ ਰੋਜ਼ ਦੇ ਹਿਸਾਬ ਗਿਣਕੇ ਤਲਬ ਵਰਤਾ ਦਿੱਤੀ. ਪੰਜ ਸੌ ਸਵਾਰ ਅਤੇ ਨੌ ਸੌ ਪਿਆਦਾ ਸੀ. ਇਨ੍ਹਾਂ ਦੇ ਜਥੇਦਾਰ ਭਾਈ ਦਾਨ ਸਿੰਘ ਨੂੰ ਗੁਰੂ ਜੀ ਨੇ ਕਿਹਾ ਕਿ ਤੂੰ ਭੀ ਤਨਖ਼੍ਵਾਹ ਲੈ ਲੈ. ਉਸ ਨੇ ਹੱਥ ਜੋੜਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ! ਸਿੱਖੀ ਬਖ਼ਸ਼ੋ. ਹੋਰ ਸਭ ਪਦਾਰਥ ਮੇਰੇ ਘਰ ਮੌਜੂਦ ਹਨ, ਉਸ ਦਾ ਪ੍ਰੇਮ ਜਾਣਕੇ ਗੁਰੂ ਜੀ ਨੇ ਫ਼ਰਮਾਇਆ ਕਿ ਭਾਈ ਮਹਾਂ ਸਿੰਘ ਨੇ ਮਾਝੇ ਦੀ, ਅਤੇ ਤੈਂ ਮਾਲਵੇ ਦੀ ਸਿੱਖੀ ਰੱਖ ਲਈ ਹੈ.#ਜੋ ਮਾਯਾ ਤਨਖ਼੍ਵਾਹ ਦੇ ਕੇ ਬਚੀ, ਉਹ ਗੁਰੂ ਜੀ ਨੇ ਉੱਥੇ ਹੀ ਦੱਬ ਦਿੱਤੀ. ਗੁਰਾਂ ਦੇ ਚਲੇ ਜਾਣ ਪਿੱਛੋਂ ਬੈਰਾੜ ਚੋਰੀਂ ਕੱਢਣ ਲੱਗੇ ਤਾਂ ਨਾ ਲੱਭੀ, ਤਦੇ ਨਾਉਂ 'ਗੁਪਤਸਰ' ਹੋਇਆ.#ਮੰਦਰ ਪੁਰਾਣਾ ਬਣਿਆ ਹੋਇਆ ਹੈ, ਨਿਹੰਗ ਸਿੰਘ ਸੇਵਾਦਾਰ ਹੈ.#ਗੁਰਦ੍ਵਾਰੇ ਨਾਲ ੧੬. ਘੁਮਾਉਂ ਜ਼ਮੀਨ ਪਿੰਡ ਸਾਹਿਬਚੰਦ ਅਤੇ ਛੱਤੇਆਣੇ ਵੱਲੋਂ ਹੈ। ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਉੱਤਰ ਵੱਲ ੯. ਮੀਲ ਕੱਚਾ ਰਸਤਾ ਹੈ. ਦੇਖੋ, ਬਹਮੀਸ਼ਾਹ.
ਸਰੋਤ: ਮਹਾਨਕੋਸ਼