ਪਰਿਭਾਸ਼ਾ
ਗੁਰੁਦੱਤ ਬਾਬਾ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਡੇ ਸੁਪੁਤ੍ਰ, ਜੋ ਕੱਤਕ ਸੁਦੀ ੧੫. ਸੰਮਤ ੧੬੭੦ ਨੂੰ ਮਾਤਾ ਦਾਮੋਦਰੀ ਜੀ ਦੇ ਉਦਰੋਂ ਡਰੋਲੀ (ਜਿਲਾ ਫਿਰੋਜ਼ਪੁਰ) ਵਿੱਚ ਜਨਮੇ ਬਾਬਾ ਜੀ ਨੇ ਧਾਰਮਿਕ ਅਤੇ ਸ਼ਸਤ੍ਰਵਿਦ੍ਯਾ ਪਿਤਾ ਗੁਰੂ ਜੀ ਦੀ ਨਿਗਰਾਨੀ ਵਿੱਚ ਉੱਤਮ ਰੀਤਿ ਨਾਲ ਪਾਈ. ੨੧. ਵੈਸਾਖ ਸੰਮਤ ੧੬੮੧ ਨੂੰ ਆਪ ਦਾ ਵਿਆਹ ਰਾਮੇ ਸਿਲ ਖਤ੍ਰੀ ਦੀ ਸੁਪੁਤ੍ਰੀ ਅਨੰਤੀ ਜੀ ਨਾਲ ਵਟਾਲੇ ਹੋਇਆ, ਜਿਸ ਦੀ ਕੁੱਖ ਤੋਂ ਬਾਬਾ ਧੀਰਮੱਲ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਉਤਪੰਨ ਹੋਏ.#ਬਾਬਾ ਗੁਰਦਿੱਤਾ ਜੀ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦੇ ਚੇਲੇ ਹੋਏ ਅਤੇ ਆਪਣੇ ਸਰਵਗੁਣ ਭਰਪੂਰ ਚਾਰ ਚੇਲੇ ਕਰਕੇ ਉਦਾਸੀਨਮਤ ਨੂੰ ਸਿੱਖੀ ਦੇ ਪ੍ਰਚਾਰ ਲਈ ਹਿੰਦੁਸਤਾਨ ਵਿੱਚ ਬਹੁਤ ਫੈਲਾਇਆ.#ਚੇਤ ਸੁਦੀ ੧੦. ਸੰਮਤ ੧੬੯੫ ਨੂੰ ਕੀਰਤ ਪੁਰ ਪਰਲੋਕ ਸਿਧਾਰੇ, ਜਿੱਥੇ ਆਪ ਦਾ ਆਲੀਸ਼ਾਨ ਦੇਹਰਾ ਬਣਿਆ ਹੋਇਆ ਹੈ. ਦੇਖੋ, ਕੀਰਤਪੁਰ.#ਬਾਬਾ ਗੁਰਦਿੱਤਾ ਜੀ ਨੂੰ ਬਾਬਾ ਪਦਵੀ ਮਿਲਣ ਦੇ ਦੋ ਕਾਰਣ ਇਤਿਹਾਸਕਾਰਾਂ ਨੇ ਲਿਖੇ ਹਨ, ਇੱਕ ਤਾਂ ਇਹ ਕਿ ਇਨ੍ਹਾਂ ਨੇ ਸਾਂਈ ਬੁੱਢਣਸ਼ਾਹ ਨੂੰ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਰਸ਼ਨ ਦਿੱਤਾ ਸੀ, ਦੂਜੇ ਇਹ ਕਿ ਬਾਬਾ ਸ਼੍ਰੀਚੰਦ ਜੀ ਦੇ ਚੇਲੇ ਹੋਕੇ ਉਦਾਸੀਨ ਮਤ ਦੀ ਮਹੰਤੀ ਧਾਰਣ ਕੀਤੀ। ੨. ਦੇਖੋ, ਬੁੱਢਾ ਬਾਬਾ.
ਸਰੋਤ: ਮਹਾਨਕੋਸ਼