ਗੁਰਪ੍ਰਤਾਪ
guraprataapa/gurapratāpa

ਪਰਿਭਾਸ਼ਾ

ਜਿਲਾ ਜਲੰਧਰ, ਤਸੀਲ ਨਵਾਂਸ਼ਹਰ, ਥਾਣਾ ਬੰਗੇ ਦਾ ਇੱਕ ਪਿੰਡ ਗੁਰੂ ਕਾ ਚੱਕ ਹੈ. ਇਸ ਤੋਂ ਅੱਧ ਮੀਲ ਪੱਛਮ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ "ਗੁਰਪ੍ਰਤਾਪ" ਹੈ. ਗੁਰੂ ਜੀ ਨੇ "ਬਾਬੇ ਬਕਾਲੇ" ਤੋਂ ਚੱਲਕੇ ਕੀਰਤਪੁਰ ਜਾਂਦੇ ਇੱਥੇ ਇੱਕ ਮਹੀਨਾ ਨਿਵਾਸ ਕੀਤਾ. ਇੱਥੇ ਜਲ ਦੀ ਤਕਲੀਫ ਸੀ, ਇਲਾਕੇ ਦੇ ਵਸਨੀਕਾਂ ਦੀ ਪ੍ਰਾਰਥਨਾ ਕਰਨ ਪੁਰ ਗੁਰੂ ਜੀ ਨੇ ਇੱਕ ਖੂਹ ਲਗਵਾਇਆ, ਜਿਸ ਦਾ ਟੱਕ ਮਾਤਾ ਗੁਜਰੀ ਜੀ ਨੇ ਲਾਇਆ ਅਤੇ 'ਗੁਰੂ ਕਾ ਚੱਕ' ਪਿੰਡ ਵਸਾਇਆ.#ਮਹਾਰਾਜਾ ਰਣਜੀਤ ਸਿੰਘ ਨੇ ਇਸ ਸਾਰੇ ਪਿੰਡ ਦੀ ਜ਼ਮੀਨ ਗੁਰਦ੍ਵਾਰੇ ਨਾਲ ਲਾ ਦਿੱਤੀ. ਗੁਰਦ੍ਵਾਰੇ ਵੱਲੋਂ ਪਿੰਡ ਵਾਲੇ ਵਾਹੁੰਦੇ ਰਹੇ, ਪਰ ਹੁਣ ਅੰਗ੍ਰੇਜ਼ੀ ਅਮਲਦਾਰੀ ਸਮੇਂ ਆਨੰਦਪੁਰ ਦੇ ਸੋਢੀਆਂ ਨੇ ਪਿੰਡ ਵਾਲਿਆਂ ਨੂੰ ਮੌਰੂਸੀ ਬਣਾ ਲਿਆ ਹੈ, ਹੱਕ ਮਾਲਕਾਨਾ ਅਤੇ ਚੁਕੋਤਾ ਆਪ ਵਸੂਲ ਕਰਦੇ ਹਨ. ੧੫. ਘੁਮਾਉਂ ਜ਼ਮੀਨ ਅਜੇ ਭੀ ਗੁਰਦ੍ਵਾਰੇ ਨਾਲ ਹੈ.#ਇਹ ਅਸਥਾਨ ਰੇਲਵੇ ਸਟੇਸ਼ਨ "ਕਲਥਮ ਅ਼ਬਦੁੱਲਾਸ਼ਾਹ" ਤੋਂ ਡੇਢ ਮੀਲ ਦੱਖਣ ਹੈ.
ਸਰੋਤ: ਮਹਾਨਕੋਸ਼