ਪਰਿਭਾਸ਼ਾ
ਸੰਗ੍ਯਾ- ਉਹ ਤਾਲ, ਜੋ ਸਤਿਗੁਰੂ ਦਾ ਲਗਵਾਇਆ ਅਥਵਾ ਗੁਰੂ ਨਾਲ ਸੰਬੰਧ ਰਖਦਾ ਹੈ. ਇਸ ਨਾਉਂ ਦੇ ਅਨੇਕਾਂ ਤਾਲ ਅਤੇ ਗੁਰਦ੍ਵਾਰੇ ਹਨ, ਪਰ ਜੋ ਬਹੁਤ ਪ੍ਰਸਿੱਧ ਹਨ ਉਹ ਇੱਥੇ ਲਿਖਦੇ ਹਾਂ-#੧. ਫਿਰੋਜ਼ਪੁਰ ਦੇ ਜਿਲੇ ਮੇਹਰਾਜ ਪਿੰਡ ਦੀ ਹੱਦ ਵਿੱਚ ਛੀਵੇਂ ਸਤਿਗੁਰੂ ਦਾ ਤਾਲ, ਜਿਸ ਦੇ ਕਿਨਾਰੇ ਡੇਰਾ ਜਮਾਕੇ ਸ਼ਾਹੀਸੈਨਾ ਨਾਲ ਤੀਜਾ ਜੰਗ ਗੁਰੂ ਸਾਹਿਬ ਨੇ ਕੀਤਾ. ਇੱਥੇ ਇੱਕ ਦਮਦਮਾ ਹੈ, ਜਿਸ ਹੇਠ ਫੌਜੀ ਸਰਦਾਰ ਦਬਾਏ ਹੋਏ ਹਨ. ਜਿਸ ਥਾਂ ਗੁਰੂ ਸਾਹਿਬ ਦਾ ਤੰਬੂ ਸੀ ਉੱਥੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤੀ ਨੇ ਬਹੁਤ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਇਸ ਥਾਂ ਦੇ ਮਹੰਤ ਭਾਈ ਗੱਜਾ ਸਿੰਘ ਜੀ ਸਿੱਖਾਂ ਵਿੱਚ ਅਦੁਤੀ ਰਾਗ ਵਿਦ੍ਯਾ ਦੇ ਪੰਡਿਤ ਹੋਏ ਹਨ. ਜਿਨ੍ਹਾਂ ਨੇ ਉਨਾਂ ਦੇ ਤਾਊਸ ਦਾ ਆਲਾਪ ਸੁਣਿਆ ਹੈ ਉਹ ਕਦੇ ਉਨ੍ਹਾਂ ਨੂੰ ਨਹੀਂ ਭੁੱਲਦੇ.#੨. ਦਸ਼ਮੇਸ਼ ਦਾ ਦਮਦਮੇਂ (ਸਾਬੋ ਕੀ ਤਲਵੰਡੀ) ਇੱਕ ਤਾਲ. ਇਹ ਨੌਵੇਂ ਸਤਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਚਰਣਾਂ ਨਾਲ ਪਵਿਤ੍ਰ ਹੋਇਆ ਹੈ.#੩. ਮਾਛੀਵਾੜੇ ਤੋਂ ਪੰਜ ਕੋਹ ਦੱਖਣ ਵੱਲ ਲੱਲ ਪਿੰਡ ਵਿੱਚ ਦਸ਼ਮੇਸ਼ ਦਾ ਅਸਥਾਨ.#੪. ਪਿੰਡ ਸਰਾਵ (ਸਰਾਵਾਂ) ਅਤੇ ਬਹਿਬਲ ਦੇ ਮੱਧ ਇੱਕ ਗੁਰਅਸਥਾਨ, ਜੋ ਰਿਆਸਤ ਫਰੀਦਕੋਟ ਥਾਣਾ ਕੋਟਕਪੂਰਾ ਵਿੱਚ ਹੈ. ਇਸ ਦੀ ਇਮਾਰਤ ਦੀ ਸੇਵਾ ਰਿਆਸਤ ਵੱਲੋਂ ਹੋਈ ਹੈ. ਇੱਕ ਹਲ ਦੀ ਜਮੀਨ ਮੁਆਫ ਹੈ, ਇੰਤਜਾਮ ਰਿਆਸਤ ਦੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ.#੫. ਰਿਆਸਤ ਫਰੀਦਕੋਟ, ਥਾਣਾ ਕੋਟਕਪੂਰਾ ਵਿੱਚ ਇੱਕ ਪਿੰਡ, ਜਿਸ ਦੇ ਪਾਸ ਹੀ ਦੱਖਣ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਕੱਚਾ ਤਾਲ ਗੁਰੂ ਸਾਹਿਬ ਦੇ ਵੇਲੇ ਦਾ ਹੈ. ਰਿਆਸਤ ਵੱਲੋਂ ੪੦ ਘੁਮਾਉਂ ਜ਼ਮੀਨ ਹੈਂ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਇਹ ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਤਿੰਨ ਮੀਲ ਪੂਰਵ ਹੈ।#੬. ਜਿਲਾ ਫਿਰੋਜ਼ਪੁਰ ਵਿੱਚ ਮੁਕਤਸਰ ਤੋਂ ਅੱਠ ਕੋਹ ਦੱਖਣ ਇੱਕ ਪਿੰਡ, ਜਿਸ ਦੀ ਢਾਬ ਦੇ ਕਿਨਾਰੇ ਦਸ਼ਮੇਸ਼ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ਫਕਰਸਰ ਤੋਂ ਪੰਜ ਮੀਲ ਉੱਤਰ ਹੈ।#੭. ਰਾਜ ਨਾਭਾ, ਨਜਾਮਤ ਫੂਲ ਦੇ ਥਾਣਾ ਦਯਾਲਪੁਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਹੈ. ਪਿੰਡ ਦੇ ਨਾਲ ਹੀ ਪੱਛਮ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਦੀਨੇ ਤੋਂ ਏਥੇ ਸੈਰ ਕਰਦੇ ਹੋਏ ਆਏ ਹਨ. ਇਹ ਗੁਰੂਸਰ ਪਿੰਡ ਉਸ ਵੇਲੇ ਨਹੀਂ ਸੀ, ਪਿੱਛੋਂ ਆਬਾਦ ਹੋਇਆ ਹੈ. ਗੁਰਦ੍ਵਾਰੇ ਨਾਲ ਰਿਆਸਤ ਨਾਭੇ ਵੱਲੋਂ ੭੦ ਘੁਮਾਉਂ ਜ਼ਮੀਨ ਹੈ. ਮਾਘੀ ਨੂੰ ਮੇਲਾ ਹੁੰਦਾ ਹੈ.#੮. ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ, ਥਾਣਾ ਲੋਪੋਕੇ ਦਾ ਪਿੰਡ "ਬੈਰਾੜ ਮਾਦੋਕੇ" ਹੈ. ਉਸ ਤੋਂ ਅੱਧ ਮੀਲ ਅਗਨਿਕੋਣ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਇੱਕ ਪੱਕਾ ਤਾਲ ਹੈ. ੧੮. ਕਨਾਲ ਜ਼ਮੀਨ ਇਸੇ ਪਿੰਡ ਹੈ. ਮੇਲਾ ੧- ੨- ੩ ਜੇਠ ਨੂੰ ਹੁੰਦਾ ਹੈ, ਇਸ ਥਾਂ ਛੀਵੇਂ ਸਤਿਗੁਰੂ ਦਾ ਇੱਕ ਬੀਸ ਇੰਚ ਲੰਮਾ ਕਟਾਰ ਹੈ. ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਚਾਰ ਮੀਲ ਉੱਤਰ ਹੈ.#੯. ਦੇਖੋ, ਅਜਿੱਤ ਗਿੱਲ।#੧੦ ਦੇਖੋ, ਸਧਾਰ ੨.।#੧੧ ਦੇਖੋ, ਖੇਮ ਕਰਨ।#੧੨ ਦੇਖੋ, ਗੁੱਜਰਵਾਲ।#੧੩ ਦੇਖੋ, ਚਕਰ।#੧੪ ਦੇਖੋ, ਢਿੱਲਵਾਂ ਕਲਾਂ।#੧੫ ਦੇਖੋ, ਤਿਲਕਪੁਰ।#੧੬ ਦੇਖੋ, ਪੱਤੋ ੨.।#੧੭ ਦੇਖੋ, ਭੁੱਚੋ।#੧੮ ਦੇਖੋ, ਮਹਿਰੋਂ।#੧੯ ਦੇਖੋ, ਰਹਿਸਮਾ।#੨੦ ਦੇਖੋ, ਰਣਜੀਤਗੜ੍ਹ।#੨੧ ਦੇਖੋ, ਲੋਪੋ।#੨੨ ਦੇਖੋ, ਵਜੀਦਪੁਰ।
ਸਰੋਤ: ਮਹਾਨਕੋਸ਼