ਪਰਿਭਾਸ਼ਾ
ਸੋਢੀ ਜੀਵਨਮੱਲ ਜੀ ਬਾਬਾ ਪ੍ਰਿਥੀਚੰਦ ਜੀ ਤੋਂ ਛੀਵੀਂ ਪੀੜ੍ਹੀ ਸਨ. ਜੋ ਮਹੰਮਦਪੁਰ (ਤਸੀਲ ਚੂਣੀਆਂ, ਜਿਲਾ ਲਾਹੌਰ) ਵਿੱਚ ਰਹਿੰਦੇ ਸਨ. ਲਹੌਰ ਦੇ ਹਾਕਿਮ ਨੇ ਤੱਅਸੁਬ ਦੇ ਕਾਰਣ ਜੀਵਨਮੱਲ ਜੀ ਨੂੰ ਸਭ ਸਾਮਾਨ ਜਬਤ ਕਰਕੇ ਪਿੰਡੋਂ ਕੱਢ ਦਿੱਤਾ. ਜੀਵਨਮੱਲ ਜੀ ਜੰਗਲ (ਮਾਲਵੇ) ਵਿੱਚ ਬੈਰਾੜਾਂ ਅਤੇ ਡੋਗਰੀ ਦੀ ਸਰਹੱਦ ਤੇ ਆ ਬੈਠੇ. ਮੁਸਲਮਾਨ ਡੋਗਰਾਂ ਦੇ ਸਰਦਾਰ ਸੁਲਤਾਨ ਨੇ, ਸੋਢੀ ਸਾਹਿਬ ਨੂੰ ਇਸ ਲਈ ਜੀ ਆਇਆਂ ਆਖਿਆ ਕਿ ਉਨ੍ਹਾਂ ਦੇ ਹੁੰਦੇ ਬੈਰਾੜਾਂ ਵੱਲੋਂ ਬੇਫਿਕਰੀ ਹੋ ਜਾਵੇਗੀ.#ਜੀਵਮਨਮੱਲ ਜੀ ਨੇ ਚੌਵੀਹ ਹਜ਼ਾਰ ਘੁਮਾਉਂ ਜ਼ਮੀਨ ਤੇ ਕਬਜਾ ਕਰਕੇ ਆਪਣੇ ਪੁਤ੍ਰ ਹਰਸਹਾਇ ਦੇ ਨਾਮ ਪਿੰਡ ਗੁਰੂ ਹਰਸਹਾਇ¹ ਵਸਾਇਆ, ਜੋ ਹੁਣ ਤਸੀਲ ਮੁਕਤਸਰ ਜਿਲਾ ਫਿਰੋਜ਼ਪੁਰ ਵਿੱਚ ਹੈ ਅਤੇ ਨਾਰਥ ਵੈਸਟਰਨ ਰੇਲਵੇ ਦੀ ਸ਼ਾਖ ਲੁਦਿਆਨਾ ਫਿਰੋਜ਼ਪੁਰ ਮੈਕਲੋਡਗੰਜ ਦਾ ਸਟੇਸ਼ਨ ਹੈ. ਇਸ ਵੇਲੇ ਜਿਲੇ ਫਿਰੋਜ਼ਪੁਰ ਵਿੱਚ ਗੁਰੂ ਹਰਸਹਾਇ ਦੇ ਸੋਢੀ ਸਾਹਿਬਾਨ ਨਵਾਬ ਮਮਦੋਟ ਤੋਂ ਦੂਜੇ ਦਰਜੇ ਦੇ ਜ਼ਿਮੀਦਾਰ ਹਨ. ਗੁਰੂ ਹਰਸਹਾਇ ਤੋਂ ਛੁੱਟ, ਪੈਂਤੀ ਪਿੰਡ ਹੋਰ ਇਨ੍ਹਾਂ ਦੀ ਮਾਲਕੀਅਤ ਦੇ ਹਨ. ਸੋਢੀ ਜਸਵੰਤ ਸਿੰਘ ਜੀ ਗੱਦੀਨਸ਼ੀਨ ਹਨ. ਇਨ੍ਹਾਂ ਪਾਸ ਇੱਕ ਪੋਥੀ ਅਤੇ ਇੱਕ ਉਂਨ ਦੀ ਲੰਮੀ ਮਾਲਾ ਹੈ, ਜਿਸ ਨੂੰ ਗੁਰੂ ਨਾਨਕ ਦੇਵ ਦੀ ਦਸਦੇ ਹਨ. ਵੈਸਾਖੀ ਦੇ ਦਿਨ ਸੰਗਤਿ ਨੂੰ ਦਰਸ਼ਨ ਕਰਾਉਂਦੇ ਹਨ. ਜੇ ਕੋਈ ਪ੍ਰੇਮੀ ਕਿਸੇ ਹੋਰ ਦਿਨ ਦਰਸ਼ਨ ਕਰਨਾ ਚਾਹੇ, ਤਾਂ ਸਵਾ ਸੌ ਰੁਪਯਾ ਭੇਟਾ ਦੇਕੇ ਕਰ ਸਕਦਾ ਹੈ.
ਸਰੋਤ: ਮਹਾਨਕੋਸ਼