ਪਰਿਭਾਸ਼ਾ
ਜਿਲਾ ਹੁਸ਼ਿਆਰਪੁਰ, ਤਸੀਲ ਗੜ੍ਹਸ਼ੰਕਰ, ਥਾਣਾ ਮਾਹਲਪੁਰ ਦੇ ਪਿੰਡ "ਗੋਂਦਪੁਰ" ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ "ਪੁਰਹੀਰਾਂ" ਤੋਂ ਚੱਲਕੇ ਕੀਰਤਪੁਰ ਵੱਲ ਜਾਂਦੇ ਇੱਥੇ ਠਹਿਰੇ ਹਨ. ਇਹ ਰੇਲਵੇ ਸਟੇਸ਼ਨ "ਸੈਲਾ ਖੁਰਦ" ਤੋਂ ਅੱਠ ਮੀਲ ਪੱਛਮ, "ਫਗਵਾੜੇ" ਤੋਂ ਬਾਰਾਂ ਮੀਲ ਪੂਰਵ ਅਤੇ ਹੁਸ਼ਿਆਰਪੁਰ ਤੋਂ ਚੌਦਾਂ ਮੀਲ ਦੱਖਣ ਹੈ. ਵੱਡਾ ਮੇਲਾ ਕੋਈ ਨਹੀਂ ਹੁੰਦਾ, ਸਾਧਾਰਣ ਜੋੜ ਮੇਲ ਹਰ ਸੰਕ੍ਰਾਂਤਿ ਨੂੰ ਹੋ ਜਾਂਦਾ ਹੈ. ਗੁਰਦ੍ਵਾਰੇ ਨਾਲ ੩. ਕਨਾਲ ੧੪. ਮਰਲੇ ਜ਼ਮੀਨ ਹੈ.#ਜਿਨ੍ਹਾਂ ਬਿਰਛਾਂ ਨਾਲ ਸਤਿਗੁਰੂ ਜੀ ਦੇ ਘੋੜੇ ਬੱਧੇ ਸਨ ਉਹ (ਇੱਕ ਕਿੱਕਰ, ਛੀ ਟਾਹਲੀਆਂ) ਮੌਜੂਦ ਹਨ, ਇਸੇ ਕਾਰਣ ਗੁਰਦ੍ਵਾਰੇ ਦਾ ਨਾਉਂ ਗੁਰੂ ਕੀ ਟਾਲ੍ਹੀਆਂ ਹੈ.
ਸਰੋਤ: ਮਹਾਨਕੋਸ਼