ਗੁਲਾਬਦਾਸ
gulaabathaasa/gulābadhāsa

ਪਰਿਭਾਸ਼ਾ

ਰਟੌਲ ਪਿੰਡ ਜੋ ਤਰਨਤਾਰਨ ਦੇ ਪਾਸ ਹੈ, ਉਸ ਦੇ ਵਸਨੀਕ ਹਮੀਰੇ ਰਟੌਲ ਜੱਟ ਦੇ ਘਰ ਦੇਸੋ ਦੇ ਉਦਰ ਤੋਂ ਸੰਮਤ ੧੮੬੬ ਵਿੱਚ ਗੁਲਾਬਦਾਸ ਪੈਦਾ ਹੋਇਆ. ਕੁਝ ਚਿਰ ਸਿੰਘਾਂ ਦੀ ਨੌਕਰੀ ਕਰਕੇ ਕੁਸੂਰ ਨਿਵਾਸੀ ਹੀਰਾਦਾਸ ਉਦਾਸੀ ਦਾ ਚੇਲਾ ਹੋ ਗਿਆ. ਨਾਭੇ ਦੇ ਇਲਾਕੇ ਧਨੌਲੇ ਪਿੰਡ ਬਾਵਾ ਧ੍ਯਾਨਦਾਸ ਜੀ ਤੋਂ ਕਾਵ੍ਯਵਿਦ੍ਯਾ ਪੜ੍ਹੀ ਅਤੇ ਹਰਿਦਾਸ (ਗਿਰਿਧਰ) ਕਵਿ ਦੀ ਸੰਗਤਿ ਕਰਕੇ ਕਵਿਤਾ ਰਚਣ ਲੱਗਾ. ਫੇਰ ਭਾਈ ਦੇਵਾ ਸਿੰਘ ਨਿਰਮਲੇ ਤੋਂ ਵੇਦਾਂਤ ਪੜ੍ਹਕੇ ਨਾਸ੍ਤਿਕ ਬਣ ਗਿਆ. ਇਸ ਦੀ ਸੰਪ੍ਰਦਾਯ ਦੇ ਲੋਕ ਗੁਲਾਬਦਾਸੀਏ ਅਖਾਉਂਦੇ ਹਨ. ਗੁਲਾਬਦਾਸ ਦਾ ਪ੍ਰਸਿੱਧ ਡੇਰਾ ਚੱਠਿਆਂਵਾਲਾ ਪਿੰਡ ਵਿੱਚ ਕੁਸੂਰ ਪਾਸ ਹੈ. ਗੁਲਾਬ ਦਾਸ ਦੇ ਰਚੇ ਹੋਏ ਸ਼ਬਦਾਂ ਦਾ ਸੰਗ੍ਰਹਿ "ਉਪਦੇਸ ਵਿਲਾਸ" ਪੁਸ੍ਤਕ ਹੈ. ਗੁਲਾਬਦਾਸ ਦਾ ਦੇਹਾਂਤ ਭਾਦੋਂ ਸੁਦੀ ੧੨. ਸੰਮਤ ੧੯੩੦ ਨੂੰ ਹੋਇਆ।#੨. ਰਾਜ ਪਟਿਆਲੇ ਦੀ ਤਸੀਲ ਭਵਾਨੀਗੜ੍ਹ ਦੇ ਪਿੰਡ ਮਾਝੀ ਦੇ ਨਿਵਾਸੀ ਇੱਕ ਨਿਰਬਾਣ ਉਦਾਸੀ ਸਾਧੂ, ਜਿਨ੍ਹਾਂ ਦਾ ਜਨਮ ਸੰਮਤ ੧੮੮੦ ਅਤੇ ਦੇਹਾਂਤ ੧੯੫੯ ਵਿੱਚ ਹੋਇਆ. ਇਹ ਗੁਰਬਾਣੀ ਦੇ ਵਡੇ ਪ੍ਰੇਮੀ ਅਤੇ ਉੱਚੇ ਆਚਾਰ ਵਾਲੇ ਸਨ. ਵਿਦ੍ਯਾ ਪੜ੍ਹਾਉਣੀ ਅਤੇ ਸੁੰਦਰ ਅੱਖਰ ਲਿਖਕੇ ਗ੍ਰੰਥ ਦਾਨ ਕਰਨੇ ਆਪ ਦਾ ਨਿੱਤ ਕਰਮ ਸੀ. ਇਨ੍ਹਾਂ ਨੇ ਬਹੁਤ ਸਾਧੂਆਂ ਨੂੰ ਕਾਸ਼ੀ ਆਦਿਕ ਅਸਥਾਨਾਂ ਵਿੱਚ ਭੇਜਕੇ ਵਿਦ੍ਯਾ ਪੜ੍ਹਾਈ.#ਗੁਲਾਬਦਾਸ ਜੀ ਦੇ ਕਈ ਚੇਲੇ ਇਸ ਵੇਲੇ ਪ੍ਰਸਿੱਧ ਵਿਦ੍ਵਾਨ ਹਨ, ਜਿਨ੍ਹਾਂ ਵਿੱਚੋਂ ਭਾਸਾ ਅਤੇ ਸੰਸਕ੍ਰਿਤ ਦੇ ਉੱਤਮ ਕਵੀ ਪੰਡਿਤ ਕ੍ਰਿਸਨਦਾਸ ਸ਼ਾਸਤ੍ਰੀ ਜੀ ਅਨੇਕ ਗ੍ਰੰਥਾਂ ਦੇ ਕਰਤਾ ਉਦਾਸੀਪੰਥ ਵਿੱਚ ਰਤਨ ਰੂਪ ਹਨ.
ਸਰੋਤ: ਮਹਾਨਕੋਸ਼