ਪਰਿਭਾਸ਼ਾ
ਅਮ੍ਰਿਤ ਛਕਣ ਪਿੱਛੋਂ ਬਾਬਾ ਗੁਲਾਬ ਰਾਇ ਦਾ ਇਹ ਨਾਮ ਹੋਇਆ. ਦੇਖੋ, ਸੂਰਜਮੱਲ ਅਤੇ ਗੁਲਾਬਰਾਇ। ੨. ਇੱਕ ਪ੍ਰੇਮੀ ਖਤ੍ਰੀ, ਜਿਸਨੇ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ. ਇਹ ਆਨੰਦਪੁਰ ਦੇ ਜੰਗ ਵਿੱਚ ਸ਼ਹੀਦ ਹੋਇਆ। ੩. ਦੇਖੋ, ਖੁਡਾਲ ਅਕਬਰਵਾਲੀ। ੪. ਭਾਈ ਗੁਲਾਬ ਸਿੰਘ ਜੀ ਨਿਰਮਲੇ ਸਾਧੂ, ਜੋ ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਪੰਡਿਤ ਸਨ. ਇਨ੍ਹਾਂ ਦਾ ਜਨਮ ਸੰਮਤ ੧੭੮੯ ਵਿੱਚ ਚੱਬੇ ਜਿਮੀਦਾਰਾਂ ਦੀ ਕੁਲ ਵਿੱਚ ਮਾਤਾ ਗੌਰੀ ਦੇ ਉਦਰੋਂ ਪਿਤਾ ਰਾਯਾ (ਰਾਇਆ) ਦੇ ਘਰ ਪਿੰਡ ਸੇਖਵ, ਜਿਸ ਨੂੰ ਸੇਖਮ ਭੀ ਆਖਦੇ ਹਨ (ਜਿਲਾ ਲਹੌਰ, ਤਸੀਲ ਚੂਣੀਆਂ ਥਾਣਾ ਸਰਾਇਮੁਗਲ) ਵਿੱਚ ਹੋਇਆ.¹ ਆਪ ਨੇ ਸੰਤ ਮਾਨ ਸਿੰਘ ਜੀ ਤੋਂ ਸਿੱਖਧਰਮ ਦੀ ਦੀਕ੍ਸ਼ਾ ਲਈ ਅਤੇ ਵੇਦਾਂਤਗ੍ਰੰਥ ਪੜ੍ਹੇ,² ਅਰ ਕਾਸ਼ੀ ਵਿੱਚ ਬਹੁਤ ਸਮਾ ਰਹਿਕੇ ਸੰਸਕ੍ਰਿਤ ਦਾ ਅਭ੍ਯਾਸ ਕੀਤਾ. ਪੰਡਿਤ ਗੁਲਾਬ ਸਿੰਘ ਜੀ ਦੀ ਇਹ ਪ੍ਰਬਲ ਇੱਛਾ ਸੀ ਕਿ ਭਾਸਾ ਵਿੱਚ ਗ੍ਰੰਥ ਲਿਖਕੇ ਦੇਸ ਦੀ ਸੇਵਾ ਕੀਤੀ ਜਾਵੇ.#ਆਪ ਨੇ ਸੰਮਤ ੧੮੩੪ ਵਿੱਚ ਭਾਵਰਸਾਮ੍ਰਿਤ, ਸੰਮਤ ੧੮੩੫ ਵਿੱਚ ਮੋਕ੍ਸ਼ਪੰਥ, ਸੰਮਤ ੧੮੩੯ ਵਿੱਚ ਅਧ੍ਯਾਤਮਰਾਮਾਇਣ ਦਾ ਛੰਦਾਂ ਵਿੱਚ ਉਲਥਾ ਅਤੇ ਸੰਮਤ ੧੮੪੯ ਵਿੱਚ ਪ੍ਰਬੋਧਚੰਦ੍ਰ ਨਾਟਕ ਰਚਿਆ. ਇਨ੍ਹਾਂ ਦੇ ਲਿਖੇ ਹੋਰ ਭੀ ਕਈ ਉੱਤਮ ਗ੍ਰੰਥ ਸਨ, ਜੋ ਈਰਖਾ ਵਾਲਿਆਂ ਦੇ ਹੱਥੋਂ ਨਸ੍ਟ ਹੋ ਗਏ।#੫. ਗੁਲਾਬ ਸਿੰਘ ਡੋਗਰਾ. ਅਸਮੈਹਲਪੁਰ ਡਿਉਲੀ ਵਿੱਚ (ਜੋ ਜੰਮੂ ਤੋਂ ਸੱਤ ਕੋਹ ਦੇ ਫਾਸਲੇ ਪੁਰ ਹੈ) ਕੇਸਰੀ ਡੋਗਰੇ ਦੇ ਘਰ ਸਨ ੧੭੮੮ ਵਿੱਚ ਧ੍ਯਾਨ ਸਿੰਘ, ਸਨ ੧੭੯੭ ਵਿੱਚ ਗੁਲਾਬ ਸਿੰਘ, ਸਨ ੧੮੦੧ ਵਿੱਚ ਸੁਚੇਤ ਸਿੰਘ ਜੰਮੇ. ਇਹ ਡੋਗਰੇ ਕਈ ਥਾਂਈਂ ਨੌਕਰੀ ਕਰਦੇ ਕਰਦੇ ਅੰਤ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ. ਪ੍ਰਾਰਬਧ ਦੇ ਚੱਕਰ ਨਾਲ ਧ੍ਯਾਨ ਸਿੰਘ ਮਹਾਰਾਜਾ ਦੀ ਕ੍ਰਿਪਾ ਦਾ ਪਾਤ੍ਰ ਬਣਕੇ ਗੜਵਈ ਤੋਂ ਵਧਦਾ ਵਧਦਾ ਡਿਹੁਢੀ ਵਾਲਾ ਬਣ ਗਿਆ, ਅਤੇ ਰਾਜਾ ਦੀ ਪਦਵੀ ਪਾਈ. ਗੁਲਾਬ ਸਿੰਘ ਭੀ ਰਾਜਾ ਬਣਿਆ. ਧ੍ਯਾਨ ਸਿੰਘ ਦੀ ਔਲਾਦ ਹੁਣ ਪੁਣਛ ਰਾਜ ਕਰ ਰਹੀ ਹੈ ਅਤੇ ਗੁਲਾਬ ਸਿੰਘ ਦਾ ਵੰਸ਼ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਹੈ.#ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ਸਨ ੧੮੪੬ ਵਿੱਚ ਗੁਲਾਬ ਸਿੰਘ ਨੇ ਅੰਗ੍ਰੇਜ਼ੀ ਸਰਕਾਰ ਤੋਂ ਵਡੀ ਚਤੁਰਾਈ ਨਾਲ ਮਹਾਰਾਜਗੀ ਦਾ ਖਿਤਾਬ ਅਤੇ ੭੫ ਲੱਖ ਰੁਪਯੇ ਬਦਲੇ ਕਸ਼ਮੀਰ ਦਾ ਇਲਾਕਾ ਪ੍ਰਾਪਤ ਕੀਤਾ. ਇਸ ਦਾ ਦੇਹਾਂਤ ਅਗਸਤ ਸਨ ੧੮੫੭ ਵਿੱਚ ਹੋਇਆ।#੬. ਗਿੜਵੜੀ ਨਿਵਾਸੀ ਮਹਾਨ ਪੰਡਿਤ ਗੁਲਾਬ ਸਿੰਘ ਜੀ, ਜਿਨ੍ਹਾਂ ਦੇ ਵਿਦ੍ਯਾਰਥੀ ਸੰਤ ਸਾਧੂ ਸਿੰਘ ਜੀ ਅਤੇ ਪੰਡਿਤ ਤਾਰਾ ਸਿੰਘ ਜੀ ਪ੍ਰਸਿੱਧ ਹੋਏ ਹਨ. ਦੇਖੋ, ਸਾਧੂ ਸਿੰਘ ਅਤੇ ਤਾਰਾ ਸਿੰਘ.
ਸਰੋਤ: ਮਹਾਨਕੋਸ਼