ਗੋਤਮ
gotama/gotama

ਪਰਿਭਾਸ਼ਾ

ਮਹਾਭਾਰਤ ਵਿੱਚ ਗੋਤਮ ਦਾ ਅਰਥ ਕੀਤਾ ਹੈ ਕਿ ਜਿਸ ਨੇ ਆਪਣੇ ਗੋ (ਪ੍ਰਕਾਸ਼) ਨਾਲ ਤਮ (ਅੰਧਕਾਰ) ਨਾਸ਼ ਕਰ ਦਿੱਤਾ ਹੈ।#੨. ਇੱਕ ਵਿਦ੍ਵਾਨ ਰਿਖੀ, ਜਿਸ ਦਾ ਨਾਉਂ ਅਕ੍ਸ਼੍‍ਪਾਦ ਭੀ ਹੈ. ਇਹ ਈਸਵੀ ਸਦੀ ਤੋਂ ੬੦੦ ਵਰ੍ਹੇ ਪਹਿਲਾਂ ਹੋਇਆ ਹੈ. ਇਸ ਨੇ ਨ੍ਯਾਯ ਦਰਸ਼ਨ ਦੇ ੫੩੨ ਸੂਤ੍ਰ ਬਣਾਏ ਹਨ, ਇਸੇ ਲਈ ਨ੍ਯਾਯ ਸ਼ਾਸਤ੍ਰ ਦਾ ਨਾਉਂ ਅਕ੍ਸ਼੍‍ਪਾਦ ਦਰਸ਼ਨ ਹੈ। ੩. ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ।#੪. ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍‌ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ.#ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ.#ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ) ਦੇਖੋ, ਅਹਲਿਆ। ੫. ਇੱਕ ਪਰਬਤ, ਜੋ ਨਾਸਿਕ ਪਾਸ ਹੈ, ਜਿੱਥੋਂ ਗੋਦਾਵਰੀ ਨਦੀ ਨਿਕਲਦੀ ਹੈ। ੬. ਦੇਖੋ, ਗੌਤਮ.
ਸਰੋਤ: ਮਹਾਨਕੋਸ਼

GOTAM

ਅੰਗਰੇਜ਼ੀ ਵਿੱਚ ਅਰਥ2

s. m, Corruption of the Sanskrit word Gautam. A saint famous in Hindu mythology. He was the author of the Nayáeor logic, and his doctrines corresponded with those of Aristotle.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ