ਗੋਦਾਵਰੀ
gothaavaree/godhāvarī

ਪਰਿਭਾਸ਼ਾ

ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ, ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿੰਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. "ਗੰਗਾ ਜਉ ਗੋਦਾਵਰਿ ਜਾਈਐ." (ਰਾਮ ਨਾਮਦੇਵ) "ਸੁਰ ਸੁਰੀ ਸਰਸ੍ਵਤੀ ਜਮੁਨਾ ਗੌਦਾਵਰੀ." (ਭਾਗੁ ਕ)#ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.#ਬ੍ਰਹਮਾਂਡ ਉਪਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇੱਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ.
ਸਰੋਤ: ਮਹਾਨਕੋਸ਼

GODÁWRI

ਅੰਗਰੇਜ਼ੀ ਵਿੱਚ ਅਰਥ2

s. f, The name of a river considered sacred by Hindus.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ