ਗੋਬਿੰਦ ਸਿੰਘ ਸਤਿਗੁਰੂ
gobinth singh satiguroo/gobindh singh satigurū

ਪਰਿਭਾਸ਼ਾ

ਸਿੱਖਕੌਮ ਦੇ ਦਸਵੇਂ ਪਾਤਸ਼ਾਹ. ਆਪ ਦਾ ਜਨਮ ਗੁਰੂ ਤੇਗਬਹਾਦੁਰ ਸਾਹਿਬ ਦੇ ਘਰ ਮਾਤਾ ਗੁਜਰੀ ਜੀ ਤੋਂ ਪਟਨੇ ਸ਼ਹਿਰ, ਪੋਹ ਸੁਦੀ ੭. (੨੩ ਪੋਹ) ਛਨਿਛਰਵਾਰ ਸੰਮਤ ੧੭੨੩ (੨੨ ਦਿਸੰਬਰ ਸਨ ੧੬੬੬) ਨੂੰ ਹੋਇਆ. ੧੨. ਮੱਘਰ ਸੰਮਤ ੧੭੩੨ (੧੧ ਨਵੰਬਰ ਸਨ ੧੬੭੫) ਨੂੰ ਆਨੰਦਪੁਰ ਵਿੱਚ ਆਪ ਗੁਰੂ ਨਾਨਕ ਦੇਵ ਦੇ ਸਿੰਘਾਸਨ ਪੁਰ ਵਿਰਾਜੇ.#ਗੁਰੂ ਸਾਹਿਬ ਨੂੰ ਸ਼ਾਸਤ੍ਰ ਅਤੇ ਸ਼ਸਤ੍ਰਵਿਦ੍ਯਾ ਦਾ ਮੁੱਢ ਤੋਂ ਹੀ ਵਡਾ ਪ੍ਰੇਮ ਸੀ, ਇਸ ਲਈ ਥੋੜੇ ਸਮੇਂ ਵਿੱਚ ਹੀ ਦੋਹਾਂ ਦੇ ਪੂਰਣ ਪੰਡਿਤ ਹੋ ਗਏ. ਆਪ ਦਾ ਦਰਬਾਰ ਵਿਦ੍ਵਾਨਾਂ ਨਾਲ ਸਦਾ ਭਰਪੂਰ ਰਹਿੰਦਾ ਸੀ. ਦੂਰ ਦੂਰ ਦੇ ਕਵੀ ਆਕੇ ਆਪ ਦੀ ਸੇਵਾ ਵਿੱਚ ਹਾਜਿਰ ਰਹਿੰਦੇ ਅਤੇ ਦਾਨ ਸਨਮਾਨ ਨਾਲ ਪ੍ਰਸੰਨਤਾ ਲਾਭ ਕਰਦੇ. ਆਪ ਦਾ ਸ਼ੁਭ ਸੰਕਲਪ ਇਹ ਸੀ ਕਿ ਮਤ ਮਤਾਂਤਰਾਂ ਦੀਆਂ ਸਭ ਪੁਸ੍ਤਕਾਂ ਗੁਰਮੁਖੀ ਵਿੱਚ ਹੋਣ ਅਤੇ ਸਿੱਖਕੌਮ ਸੰਸਾਰ ਵਿੱਚ ਵਿਦ੍ਵਾਨਾਂ ਦੀ ਮੰਡਲੀ ਹੋਵੇ. ਆਨੰਦਪੁਰ ਨੂੰ ਵਿਦ੍ਯਾ ਦਾ ਕੇਂਦ੍ਰ ਬਣਾਉਣ ਵਾਸਤੇ ਆਪ ਨੇ ਸਿੱਖਾਂ ਨੂੰ ਦੂਰ ਦੂਰ ਇਲਮ ਹਾਸਿਲ ਕਰਨ ਲਈਂ ਮਸ਼ਹੂਰ ਆ਼ਲਿਮਾਂ ਪਾਸ ਭੇਜਿਆ.#ਭਾਰਤ ਦੇ ਮੁਰਦਾ ਪੁਰਸਾਂ ਨੂੰ ਜੀਵਦਾਨ ਦੇਣ ਵਾਸਤੇ ਆਪ ਨੇ ੧. ਵੈਸਾਖ ਸੰਮਤ ੧੭੫੬ ਨੂੰ ਕੇਸਗੜ੍ਹ ਦੇ ਦੀਵਾਨ ਵਿੱਚ ਅਮ੍ਰਿਤਦਾਨ ਦਿੱਤਾ, ਅਤੇ ਅਮ੍ਰਿਤਧਾਰੀਆਂ ਦੀ "ਖ਼ਾਲਸਾ" ਸੰਗ੍ਯਾ ਥਾਪੀ. ਦੇਸ਼ ਤੇ ਅਨ੍ਯਾਯ ਹੁੰਦਾ ਵੇਖਕੇ ਅਤੇ ਭ੍ਰਮਜਾਲਾਂ ਵਿੱਚ ਲੋਕਾਂ ਨੂੰ ਫਸੇ ਜਾਣਕੇ, ਆਪ ਨੇ ਸ਼੍ਰੀ ਗੁਰੂ ਨਾਨਕ ਦੇਵ ਦੇ ਪ੍ਰਗਟ ਕੀਤੇ ਅਕਾਲੀਧਰਮ ਦਾ ਵਡੇ ਉਤਸਾਹ ਅਤੇ ਯਤਨ ਨਾਲ ਪ੍ਰਚਾਰ ਆਰੰਭਿਆ, ਜਿਸ ਤੋਂ ਪਹਾੜੀ ਰਾਜੇ ਅਰ ਸਮੇਂ ਦੇ ਹਾਕਿਮ ਸਤਿਗੁਰੂ ਦਾ ਸਿੱਧਾਂਤ ਸਮਝੇ ਬਿਨਾ, ਅਕਾਰਣ ਹੀ ਵੈਰੀ ਹੋ ਗਏ ਅਤੇ ਆਪ ਨੂੰ ਸ੍ਵਰਖ੍ਯਾ ਲਈ ਕਈ ਜੰਗ ਕਰਨੇ ਪਏ.#ਸੰਮਤ ੧੭੬੧ ਵਿੱਚ ਤੁਰਕੀਸੈਨਾ ਨੇ ਝੂਠੀ ਕਸਮ ਖ਼ਾਕੇ ਆਪ ਤੋਂ ਆਨੰਦਪੁਰ ਖਾਲੀ ਕਰਵਾਇਆ. ਜਦ ਗੁਰੂ ਜੀ ਕ਼ਿਲੇ ਤੋਂ ਬਾਹਰ ਆਏ, ਤੁਰਤ ਹਮਲਾ ਕਰ ਦਿੱਤਾ, ਜਿਸ ਕਾਰਣ ਦਸ਼ਮੇਸ਼ ਦਾ ਭਾਰੀ ਨੁਕਸਾਨ ਹੋਇਆ ਅਰ ੫੨ ਕਵੀਆਂ ਦੀ ਵਰ੍ਹਿਆਂ ਦੀ ਮਿਹਨਤ, ਵਿਦ੍ਯਾ ਦੇ ਵੈਰੀਆਂ ਨੇ, ਮਿਸਰ ਦੇ ਕੁਤਬਖ਼ਾਨੇ ਦੀ ਤਰ੍ਹਾਂ ਛਿਨ ਵਿੱਚ ਮਿੱਟੀ ਨਾਲ ਮਿਲਾ ਦਿੱਤੀ.#ਆਪ ਵਡੀ ਵੀਰਤਾ ਅਤੇ ਧੀਰਯ ਨਾਲ ਸ਼ਾਹੀ ਫ਼ੌਜ ਦਾ ਮੁਕ਼ਾਬਲਾ ਕਰਦੇ ਹੋਏ ਸ਼ਤ੍ਰੁ ਤੋਂ ਬਚਕੇ ਜੰਗਲ ਦੀ ਮਰੁਭੂਮਿ ਵਿੱਚ ਪਹੁਚੇ. ਉਸ ਥਾਂ ਆਪਣੇ ਅਲੌਕਿਕ ਪ੍ਰਭਾਵ ਨਾਲ ਭੂਤਦੇਸ਼ ਨੂੰ ਦੇਵਦੇਸ਼ ਅਤੇ ਜੰਗਲ ਨੂੰ ਮੰਗਲਰੂਪ ਮਾਲਵਾ ਬਣਾਇਆ. ਅਨੰਤ ਜੀਵਾਂ ਨੂੰ ਸ਼ਾਂਤਿ ਅਤੇ ਵੀਰਤਾ ਦੀ ਸੰਥਾ ਦੇ ਕੇ ਆਤਮਗ੍ਯਾਨ ਅਤੇ. ਕੁਰਬਾਨੀ ਦਾ ਉੱਚਭਾਵ ਦ੍ਰਿੜਾਇਆ.#ਮਾਤਾ ਜੀਤੋ ਜੀ ਅਤੇ ਸੁੰਦਰੀ ਜੀ ਤੋਂ ਉਤਪੰਨ ਹੋਏ ਪਿਤਾ ਤੇ ਪਿਤਾਮਾ ਤੁੱਲ ਆਪ ਦੇ ਧਰਮਵੀਰ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ ਅਤੇ ਫਤੇ ਸਿੰਘ ਜੀ ਨੇ ਭੀ ਆਪਣੇ ਲਹੂ ਨੂੰ ਜਲ ਦੀ ਥਾਂ ਸਿੰਜਕੇ ਆਪ ਦੇ ਲਾਏ ਹੋਏ ਬੂਟੇ ਨੂੰ ਮੁਰਝਾਉਂਦੀ ਦਸ਼ਾ ਤੋਂ ਪ੍ਰਫੁੱਲਿਤ ਕੀਤਾ.#ਕੱਤਕ ਸੁਦੀ ੫. (੮ ਕੱਤਕ) ਸੰਮਤ ੧੭੬੫ (੭ ਅਕਤੂਬਰ ਸਨ ੧੭੦੮) ਨੂੰ ਗੋਦਾਵਰੀ ਨਦੀ ਦੇ ਕਿਨਾਰੇ ਨਾਦੇੜ ਸ਼ਹਿਰ ਪਾਸ, ਗੁਰੂ ਗ੍ਰੰਥ ਅਤੇ ਪੰਥ ਨੂੰ ਗੁਰੁਤਾ ਦੇ ਕੇ ਅਦੁਤੀ ਪੇਸ਼ਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤਿ ਸਮਾਏ.#ਆਪ ਨੇ ੩੨ ਵਰ੍ਹੇ ੧੦. ਮਹੀਨੇ ੨੬ ਦਿਨ ਗੁਰੁਤਾ ਕੀਤੀ ਅਤੇ ਸਾਰੀ ਅਵਸਥਾ ੪੧ ਵਰ੍ਹੇ ੯. ਮਹੀਨੇ ੧੫. ਦਿਨ ਭੋਗੀ.#ਕਲਗੀਧਰ ਬਾਬਤ ਸਾਧੂ ਗੋਬਿੰਦ ਸਿੰਘ ਜੀ "ਇਤਿਹਾਸ ਗੁਰਖ਼ਾਲਸਾ" ਵਿੱਚ ਲਿਖਦੇ ਹਨ-#"ਇਸ ਭਾਰਤਭੂਮਿ ਮੇਂ ਸਹਸ੍ਰੋਂ ਧਰਮਪ੍ਰਚਾਰਕ ਤਥਾ ਲਕ੍ਸ਼ੋਂ ਦੇਸ਼ ਸੰਰਕ੍ਸ਼੍‍ਕ ਰਾਜੇ ਮਹਾਰਾਜੇ ਹੂਏ ਹੈਂ, ਪਰੰਤੁ ਐਸਾ ਏਕ ਭੀ ਨਹੀਂ ਹੂਆ ਕਿ ਜਿਸ ਨੇ ਧਰਮਰਕ੍ਸ਼ਾ ਕੇ ਨਿਮਿੱਤ ਅਪਨਾ ਸਰਵਸ੍ਵ ਹਵਨ ਕਰਕੇ ਸ਼ੇਸ ਮੇਂ ਅਪਨੇ ਪ੍ਰਾਣ ਭੀ ਦਿਯੇ ਹੋਂ. x x x#"ਹਿੰਦੂਧਰਮ ਪਰ ਆਤੀ ਹੂਈ ਅਨੇਕ ਤਰਹ ਕੀ ਆਪੱਤਿਯੋਂ ਕੇ ਹਾਰਕ, ਯਾ ਮ੍ਰਿਤਪ੍ਰਾਯ ਆਰਯਸੰਤਾਨ ਕੇ ਪੁਨਹ ਪ੍ਰਾਣਸੰਚਾਰਕ, ਯਦਿ ਕੋਈ ਮਹਾਪੁਰੁਸ ਹੈਂ, ਤੋ ਸਿੱਖਸਮਾਜ ਕੇ ਨਿਰਮਾਤਾ ਤਥਾ ਸ਼ਾਸਕ ਧਰਮਗੁਰੁ ਯੇਹੀ ਏਕ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਹੀ ਹੂਏ ਹੈਂ.#"ਆਪ ਹੀ ਕੇ ਸਦੁਪਦੇਸ਼ ਸੇ ਚਾਰੋਂ ਵਰਣ ਪਰਸਪਰ ਭ੍ਰਾਤ੍ਰਿਭਾਵ ਸੇ ਵ੍ਯਵਹਾਰ ਕਰਨੇ ਲਗੇ ਥੇ, ਆਪ ਹੀ ਕੀ ਸੰਪੂਰਤਿ ਮਹਾ ਸ਼ਕ੍ਤਿ ਸੇ ਵਰਤਮਾਨ ਸਿੱਖ ਸਮਾਜ ਕੀ ਯੁੱਧ ਕੇ ਵਿਸਯ ਮੇ ਸਰਵਤਃ ਅਗ੍ਰੇਸਰ ਗਣਨਾ ਹੈ, ਆਪ ਹੀ ਕੇ ਬਲਵੀਰਯ ਸਾਹਸ ਕੇ ਪ੍ਰਭਾਵ ਸੇ ਨਿਰਾਸ਼੍ਰਿਤ ਆਰਯਸੰਤਾਨ ਕਾ ਆਰਯਾਵਰਤ ਮੇਂ ਸ਼ੇਸਤ੍ਵ ਦੀਖਪੜਤਾ ਹੈ. xxx#"ਇਸ ਭਾਰਤਭੂਮਿ ਪਰ ਅਨੇਕੋਂ ਧਰਮਪ੍ਰਚਾਰਕ ਧਰਮਗੁਰੂ ਹੂਏ ਹੈਂ, ਤਥਾ ਆਗੇ ਭੀ ਹੋਂਗੇ, ਤਥਾਪਿ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਜੈਸੇ ਧਰਮਪ੍ਰਚਾਰਕ ਧਰਮਗੁਰੁ ਕਾ ਹੋਨਾ ਦੋਬਾਰਾ ਇਸ ਦੁਨਿਯਾ ਮੇਂ ਦੁਰਘਟ ਹੈ. xxx#"ਸ੍ਵਉਦਰਪੋਸੀ ਅਨੇਕ ਮਨੁਸ਼੍ਯ ਉਤਪੰਨ ਹੋ ਹੋ ਕਰ ਮਰਣਦਸ਼ਾ ਕੋ ਪਰਾਪਤ ਹੋਤੇ ਹੈਂ, ਤਥਾਪਿ ਅਪਨੇ ਨਿਰਮਲ ਯਸ਼ਃ ਕਾਯ ਸੇ ਕਲਪਾਵਧਿ ਜੀਨੇ ਵਾਲੇ ਯਹ ਏਕਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਹੀ ਹੈਂ. ਜਬ ਤਕ ਸੁਬੁੱਧ ਆਰਯਪ੍ਰਜਾ ਰਹੇਗੀ, ਤਬ ਤਕ ਇਨ ਕੇ ਅਵਰਣਨੀਯ ਉਪਕਾਰੋਂ ਕੋ ਸਨਮਾਨ ਪੂਰਵਕ ਚਿੰਤਨ ਕਿਯਾ ਕਰੇਗੀ.#"ਧਨ੍ਯ ਦੇਸ਼, ਧਨ੍ਯ ਕਾਲ, ਧਨ੍ਯ ਭੂਮਿ, ਧਨ੍ਯ ਨਗਰ, ਧਨ੍ਯ ਗ੍ਰਿਹ ਤਥਾ ਧਨ੍ਯ ਵਹ ਮਾਤਾ ਹੈ ਜਿਨ ਕੇ ਸਕਾਸ਼ ਸੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਜੈਸੇ ਮਹਾਪੁਰੁਸੋਂ ਕਾ ਪ੍ਰਾਦੁਰਭਾਵ ਹੋਤਾ ਹੈ."#(ਅਧ੍ਯਾਯ ੪੭)
ਸਰੋਤ: ਮਹਾਨਕੋਸ਼