ਗੋਰਖੁ
gorakhu/gorakhu

ਪਰਿਭਾਸ਼ਾ

ਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕ੍ਸ਼੍‍ਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕ੍ਸ਼੍‍ਕ, ਆਤਮਾ. "ਊਪਰਿ ਗਗਨੁ ਗਗਨ ਪਰਿ ਗੋਰਖੁ, ਤਾਕਾ ਅਗਮੁ ਗੁਰੂ ਪੁਨਿ ਵਾਸੀ." (ਮਾਰੂ ਮਃ ੧) ਸ਼ਰੀਰ ਉੱਪਰ ਦਸ਼ਮਦ੍ਵਾਰ, ਉਸ ਪੁਰ ਵਸਣ ਵਾਲਾ ਆਤਮਾ, ਫਿਰ ਉਸ ਦਾ ਗੁਰੂ ਜੋ ਅਗਮਰੂਪ ਹੈ (ਪਾਰਬ੍ਰਹਮ) ਉਸ ਵਿੱਚ ਨਿਵਾਸ ਕਰਤਾ (ਸਤਿਗੁਰੂ). ੩. ਪ੍ਰਿਥਿਵੀ ਪਾਲਕ ਵਿਸਨੁ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੁ ਹੀ ਸ਼ਿਵ ਵਿਸਨੁ ਅਤੇ ਬ੍ਰਹਮਾ ਹੈ। ੪. ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ. ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ. ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ. ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ. "ਜੋਗੀ ਗੋਰਖ ਗੋਰਖ ਕਰਿਆ." (ਗਉ ਮਃ ੪) "ਪੁਨ ਹਰਿ ਗੋਰਖ ਕੋ ਉਪਰਾਜਾ." (ਵਿਚਿਤ੍ਰ) ੫. ਗਾਈਆਂ ਦਾ ਰੱਖਣ ਵਾਲਾ. ਗੋਪਾਲ. ਗਵਾਲਾ.; ਦੇਖੋ, ਗੋਰਖ.
ਸਰੋਤ: ਮਹਾਨਕੋਸ਼