ਗ੍ਰੰਥਸਾਹਿਬ ਸ਼੍ਰੀ ਗੁਰੂ
granthasaahib shree guroo/grandhasāhib shrī gurū

ਪਰਿਭਾਸ਼ਾ

ਸਾਰੇ ਧਰਮਗ੍ਰੰਥਾਂ ਦਾ ਸ੍ਵਾਮੀ. ਸਿੱਖਧਰਮ ਦਾ ਮਹਾਮਾਨ੍ਯ ਪੁਸ੍ਤਕ. ਸ਼੍ਰੀ ਗੁਰੂ ਅਰਜਨ ਦੇਵ ਨੇ ਪਹਿਲੇ ਸਤਿਗੁਰਾਂ ਦੀ ਬਾਣੀ ਏਕਤ੍ਰ ਕਰਕੇ ਸੰਮਤ ੧੬੬੦ ਵਿੱਚ, ਇਹ ਰਾਮਸਰ ਦੇ ਕਿਨਾਰੇ (ਅਮ੍ਰਿਤਸਰ) ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਆਰੰਭਿਆ. ਆਪਣੀ ਰਚਨਾ ਅਤੇ ਭਗਤ ਆਦਿਕਾਂ ਦੀ ਬਾਣੀ ਸ਼ਾਮਿਲ ਕਰਕੇ ਸੰਮਤ ੧੬੬੧ ਵਿੱਚ ਸਮਾਪ੍ਤ ਕੀਤਾ. ਇਸੇ ਸਾਲ ਭਾਦੋਂ ਸੁਦੀ ੧. ਨੂੰ ਹਰਿਮੰਦਿਰ ਵਿੱਚ ਗੁਰਮਤ ਦੇ ਪ੍ਰਚਾਰ ਲਈ ਅਸਥਾਪਨ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਤਿੰਨ ਬੀੜਾਂ (ਜਿਲਦਾਂ) ਦੇਖੀਆਂ ਜਾਂਦੀਆਂ ਹਨ- ਭਾਈ ਗੁਰਦਾਸ ਜੀ ਦੀ. (੨) ਭਾਈ ਬੰਨੋ ਦੀ. (੩) ਦਮਦਮੇ ਵਾਲੀ. ਇਨ੍ਹਾਂ ਤੇਹਾਂ ਬੀੜਾਂ ਦਾ ਵੇਰਵਾ ਇਉਂ ਹੈ-#(੧) ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕ਼ਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋ ਗਿਆ. ਇਸ ਵਿੱਚ ਸ਼੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੀਕ ੩੦ ਰਾਗ ਹਨ ਅਤੇ ਕੁੱਲ ਬਾਣੀ ਸ਼ਬਦ ਸਲੋਕ ਪੌੜੀ ਆਦਿ ਦੀ ਗਿਨਤੀ ਮੁੰਦਾਵਨੀ ਤੀਕ ੫੭੫੧ ਹੈ. ਇਹ ਬੀੜ ਹੁਣ ਕਰਤਾਰਪੁਰ ਹੈ, ਜਿਸ ਦੀ ਜਿਲਦ ਕਿਤਾਬੀ ਅਰ ਸਾਰੇ ਪਤ੍ਰੇ ੯੭੫ ਹਨ,¹ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜ੍ਹਿਆ ਹੋਇਆ ਹੈ. ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੂਲਮੰਤ੍ਰ ਹੈ ਅਤੇ ਪੰਨੇ ੫੪੧ ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸ੍ਤਖ਼ਤ਼ ਹਨ.#ਆਸਾ ਰਾਗ ਵਿੱਚ ਕਬੀਰ ਜੀ ਦੇ ਸ਼ਬਦ- "ਰਹੁ ਰਹੁਰੀ ਬਹੁਰੀਆ"- ਅਤੇ- "ਕਰਵਤੁ ਭਲਾ ਨ ਕਰਵਟ ਤੇਰੀ"- ਦੇ ਮੱਧ- "ਦੇਖਹੁ ਲੋਗਾ"- ਨੰਬਰ ੩੫ ਦਾ ਸ਼ਬਦ ਲਿਖਕੇ ਹਰਤਾਲ ਨਾਲ ਕਟ ਦਿੱਤਾ ਗਿਆ ਹੈ, ਪਰ ਉਸ ਦੇ ਅੱਖਰ ਪੜ੍ਹੇ ਜਾਂਦੇ ਹਨ ਅਰ ਅੰਗਾਂ ਦਾ ਸਿਲਸਿਲਾ ਜਿਉਂ ਦਾ ਤਿਉਂ ਹੈ. ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਲਿਖਕੇ ਫੇਰ ਉੱਪਰ ਕਲਮ ਫੇਰੀ ਹੋਈ ਹੈ.#ਬਹੁਤ ਸਿੱਖ ਆਖਿਆ ਕਰਦੇ ਹਨ ਕਿ ਗੁਰੂ ਅਰਜਨ ਦੇਵ ਨੇ ਨੌਵੇਂ ਸਤਿਗੁਰੂ ਦੀ ਬਾਣੀ ਲਈ ਖਾਲੀ ਪਤ੍ਰੇ ਛੱਡ ਦਿੱਤੇ ਸਨ, ਪਰ ਇਹ ਖਿਆਲ ਗਲਤ ਹੈ, ਕਿਉਂਕਿ ਪਤ੍ਰੇ ਅਜੇਹੀ ਥਾਂ ਖਾਲੀ ਹਨ ਜਿਸ ਥਾਂ ਗੁਰੂ ਤੇਗਬਹਾਦੁਰ ਸਾਹਬ ਦੀ ਬਾਣੀ ਦਰਜ ਨਹੀਂ ਹੋ ਸਕਦੀ, ਜੈਸੇ ਪੰਨਾ ੬੦ ਦਾ ਇੱਕ ਪਾਸਾ ਖਾਲੀ ਅਤੇ ਸ੍ਰੀਰਾਗ ਵਿੱਚ ਪੰਜਵੇਂ ਸਤਿਗੁਰੂ ਦੀ ਬਾਣੀ ਵਿੱਚ ਤਿੰਨ ਪਤ੍ਰੇ ਖਾਲੀ ਪਏ ਹਨ, ਆਸਾ ਦੀ ਵਾਰ ਦੇ ਅੰਤ ਵਿੱਚ ੭. ਪਤ੍ਰੇ ਖਾਲੀ ਹਨ, ਆਦਿ. ਅਰ ਨੌਵੇਂ ਮਹਲ ਦੇ ਸਲੋਕਾਂ ਲਈ ਕੋਈ ਪਤ੍ਰਾ ਖਾਲੀ ਨਹੀਂ.#(੨) ਮਾਂਗਟ ਨਿਵਾਸੀ ਭਾਈ ਬੰਨੋ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਗਕੇ ਅਥਵਾ ਲਹੌਰ ਜਿਲਦ ਬੰਧਵਾਉਣ ਸਮੇਂ ਜੋ ਨਕਲ ਕੀਤੀ, ਅਤੇ ਆਪਣੀ ਇੱਛਾ ਅਨੁਸਾਰ ਕੁਝ ਵਾਧੂ ਬਾਣੀ ਦਰਜ ਕੀਤੀ, ਉਸ ਦਾ ਨਾਉਂ ਭਾਈ ਬੰਨੋਂ ਦੀ ਬੀੜ ਹੋ ਗਿਆ. ਇਸ ਵਿੱਚ ਭੀ ਤੀਸ ਹੀ ਰਾਗ ਹਨ ਅਰ ਸ਼ਬਦ ਸਲੋਕ ਆਦਿ ਦੀ ਗਿਣਤੀ ੫੭੫੭ ਹੈ. ਇਹ ਬੀੜ ਹੁਣ ਮਾਂਗਟ (ਜਿਲਾ ਗੁਜਰਾਤ) ਵਿੱਚ ਭਾਈ ਬੰਨੋ ਦੀ ਔਲਾਦ ਪਾਸ ਹੈ. ਜਿਲਦ ਕਿਤਾਬੀ ਸ਼ਕਲ ਦੀ ਹੈ. ਪਤ੍ਰੇ ੪੬੭ ਹਨ. ਦੇਖੋ, ਮਾਂਗਟ.#ਭਾਈ ਬੰਨੋ ਦੀ ਬੀੜ ਵਿੱਚ ਵਾਧੂ ਬਾਣੀ ਦਾ ਵੇਰਵਾ ਇਹ ਹੈ-#(ੳ) ਰਾਗ ਸੋਰਠਿ ਵਿੱਚ- "ਅਉਧੂ ਸੋ ਜੋਗੀ ਗੁਰੁ ਮੇਰਾ। ਇਸ ਪਦ ਕਾ ਜੋ ਕਰੈ ਨਿਬੇਰਾ." ਸ਼ਬਦ ਹੈ.²#(ਅ) ਰਾਮਕਲੀ ਵਿੱਚ ਮਃ ੫- "ਰੁਣਝੁੰਝਨੜਾ"- ਸ਼ਬਦ ਦੀਆਂ ਦੋ ਤੁਕਾਂ ਦੇ ਥਾਂ, ਪੂਰੇ ਚਾਰ ਪਦ ਹਨ.#(ੲ) ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਹੈ.#(ਸ) ਸਾਰੰਗ ਵਿੱਚ- "ਛਾਡਿ ਮਨ, ਹਰਿਬਿਮੁਖਨ ਕੋ ਸੰਗ"- ਸਾਰਾ ਸ਼ਬਦ ਹੈ.#(ਹ) ਅੰਤ ਵਿੱਚ- "ਜਿਤੁ ਦਰਿ ਲਖ ਮਹੰਮਦਾ"- "ਏਸੁ ਕਲੀਓਂ ਪੰਜ ਭੀਤੀਓਂ"- ਅਤੇ- "ਦਿਸਟਿ ਨ ਰਹੀਆ ਨਾਨਕਾ"- ਸਲੋਕ ਮਃ ੧. ਸਿਰਲੇਖ ਹੇਠ ਤਿੰਨ ਸਲੋਕ ਹਨ.#(ਕ) "ਬਾਇ ਆਤਸ ਆਬ"- ਮਹਲਾ ੧. ਦਾ ਸੋਲਾਂ ਪਦਾਂ ਦਾ ਸ਼ਬਦ ਹੈ.#(ਖ) "ਆਸਨ ਸਾਧ ਨਿਰਾਲਮ ਰਹੈ"- ਤੋਂ ਆਰੰਭ ਹੋਕੇ- "ਨਾਨਕ ਕਹੈ ਬੈਰਾਗੀ ਸੋਈ"- ੨੫ ਪਦਾਂ ਦੀ ਰਤਨਮਾਲਾ ਨਾਮਕ ਬਾਣੀ ਹੈ.#(ਗ) ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ ਵਾਰਤਿਕ ਪਾਠ ਹੈ. ਅੰਤ ਵਿੱਚ ਸਿਆਹੀ ਦੀ ਬਿਧਿ- ਲਿਖੀ ਹੈ. ਜੇ ਰਾਮਕਲੀ ਅਤੇ ਸਾਰੰਗ ਦਾ ਨੰਬਰ ਛੱਡ ਦੇਈਏ, ਤਦ ਕੇਵਲ ਸੱਤ ਨੰਬਰ ਦਾ ਵਾਧਾ ਹੈ.#ਬਾਬਾ ਅਜਾਪਾਲ ਸਿੰਘ ਜੀ ਗੁਰਦ੍ਵਾਰੇ ਨਾਭੇ ਇੱਕ ਪੁਰਾਣੀ ਲਿਖਤ ਦਾ ਅਸਵਾਰਾ ਹੈ, ਜਿਸ ਦੇ ਪੱਤਰੇ ੭੪੧ ਹਨ. ਉਸ ਵਿੱਚ ਮਹਲਾ ਦੀ ਥਾਂ ਪਾਤਸਾਹੀ ਸ਼ਬਦ ਹਰ ਥਾਂ ਲਿਖਿਆ ਹੈ ਅਤੇ ਗੂਜਰੀ ਵਿੱਚ ਤ੍ਰਿਲੋਚਨ ਦਾ ਇਹ ਸ਼ਬਦ ਹੈ, ਜੋ ਭਾਈ ਬੰਨੋ ਦੀ ਹੋਰ ਬੀੜਾਂ ਵਿੱਚ ਨਹੀਂ ਹੈ-#ਨਵ ਨਿਧਿ ਪਰਸੀ ਕਾਇ ਰੇ#ਚਿੰਤਾ ਅਚਿੰਤ ਕਲਪਤਰੋ।।#ਕੇਣ ਪਾਸਿ ਹਉ ਮਾਗਤ ਆਛਉ#ਮੇਰਾ ਪ੍ਰਭੁ ਲਾਜੈ ਲਾਛ ਬਰੋ।।੧।।#ਗੋਬਿੰਦ ਗੋਬਿੰਦ ਗੋਬਿੰਦੇ।।#ਗਬਿੰਦ ਬਿਨੁ ਮੈ ਅਵਰੁ ਨ ਜਾਚਉ#ਨਾਮ ਵਖਾਣਉ ਗੋਬਿੰਦ ਕਾ।।ਰਹਾਉ।।#ਗੋਬਿੰਦ ਕੇਰੀ ਮੁਕਤੀ ਦਾਸੀ#ਸਨਿਆਸੀ ਸਿਵ ਰਾਚੀਲੇ।।#ਤਾਚੀ ਦਾਸੀ ਮਹਾ ਅਸਟ ਸਿਧਿ#ਨਾਹੀ ਕਾਜੁ ਹਮਾ ਤਿਸੁ ਸੇਤੀ।।੨।।#ਧਾਤੁਰਬਾਜੀ ਰਸਾ ਉਪਜੀਲੇ#ਤਜਿਲੇ ਏਹ ਕੁਬੁਧੀ।।#ਮਨਿ ਭੀਤਰਿ ਬੀਚਾਰਿ ਨ ਦੇਖਹਿ#ਗੋਬਿੰਦਭਗਤਿ ਭਲੀ ਰਸੁ ਸੁਧੀ।੩।।#ਗੋਬਿੰਦ ਕੇਰੀ ਬਾਤ ਸੁਣੀਜੈ#ਕਹੁ ਕਿਨਿ ਦੇਖਿਆ ਨੈਣੀ।#ਗੋਬਿੰਦਨਾਮ ਚਰਿਤ ਸਦਾ ਹਰਿ#ਗੋਬਿੰਦੁ ਸਦਾ ਸੰਤ ਕੀ ਬੈਣੀ।।੪।।#ਗੋਬਿੰਦ ਕੇਰੀ ਭਾਉ ਭਾਗਵਤੁ#ਮਾਨ ਮਛਰ ਮਦ ਰਹਤਾ।।#ਬਦਤ ਤ੍ਰਿਲੋਚਨ ਸੁਨਿ ਰੇ ਪ੍ਰਾਨੀ#ਮਾਗਉ ਜੋ ਸੰਸਾਰਿ ਬਿਰਕਤਾ।।੫।।#ਐਸੇ ਹੀ ਰਾਵਲਪਿੰਡੀ ਵਿੱਚ ਨਿਰੰਕਾਰੀਆਂ ਦੇ ਗੁਰਦ੍ਵਾਰੇ ਸੰਮਤ ੧੮੪੨ ਦੀ ਲਿਖੀ ਹੋਈ ਇੱਕ ਜਿਲਦ ਹੈ, ਉਸ ਵਿੱਚ ਨਾਮਦੇਵ ਜੀ ਦਾ ਛੀ ਨੰਬਰ ਦਾ ਇੱਕ ਵਾਧੂ ਸ਼ਬਦ ਹੈ, ਜਿਸਦੀ ਪਹਿਲੀ ਤੁਕ ਹੈ- "ਸਾਤ ਸਮੁੰਦ ਜਾਂਕੀ ਹੈ ਕਿਰਣੀ ਧਰਤੀ ਜਾਕਾ ਬੇਟੋ."#(੩) ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਦਮਦਮੇ ਦੇ ਮਕ਼ਾਮ ਸੰਮਤ ੧੭੬੨- ੬੩ ਵਿੱਚ ਜੋ ਆਤਮਿਕ ਸ਼ਕਤਿ ਨਾਲ ਕੰਠ ਤੋਂ ਬਾਣੀ ਉੱਚਾਰਣ ਕਰਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਉਸ ਦਾ ਨਾਉਂ ਦਸਵੇਂ ਪਾਤਸ਼ਾਹ ਦਾ ਗ੍ਰੰਥ ਸਾਹਿਬ ਹੋਇਆ, ਪਰ ਪ੍ਰਸਿੱਧ ਨਾਉਂ ਦਮਦਮੇ ਵਾਲੀ ਬੀੜ ਹੈ. ਇਸ ਵਿੱਚ ਜੈਜਾਵੰਤੀ ਸਮੇਤ ੩੧ ਰਾਗ ਹਨ, ਅਰ ਸ਼ਬਦ ਸਲੋਕ ਪੌੜੀ ਆਦਿ ਦੀ ਜਪੁ ਤੋਂ ਲੈ ਕੇ ਮੁੰਦਾਵਣੀ ਤੀਕ ਗਿਣੀ ੫੮੬੭ ਹੈ.#ਇਸ ਵਿੱਚ- "ਸੋਪੁਰਖੁ"- ਸਿਰਲੇਖ ਹੇਠ ਚਾਰ ਸ਼ਬਦ ਹਨ ਅਰ ੧੧੫ ਸ਼ਬਦ ਸਲੋਕ ਗੁਰੂ ਤੇਗਬਹਾਦੁਰ ਸਾਹਿਬ ਦੇ, ਅਤੇ ਇੱਕ ਸਲੋਕ "ਬਲ ਹੋਆ ਬੰਧਨ ਛੁਟੇ"- ਦਸ਼ਮੇਸ਼ ਦਾ ਹੈ. ਕਈ ਆਖਦੇ ਹਨ ਕਿ ਸੋਰਠਿ ਵਿੱਚ ਕਬੀਰ ਜੀ ਦੇ ਸ਼ਬਦ ਦੀ ਤੁਕ ਪਹਿਲਾਂ "ਖਲਾਸੇ" ਪਾਠ ਵਾਲੀ ਸੀ, ਕਲਗੀਧਰ ਨੇ "ਖਾਲਸੇ" ਸ਼ਬਦ ਬਦਲਿਆ ਹੈ, ਪਰ ਇਹ ਭੁੱਲ ਹੈ. ਕਬੀਰ ਜੀ ਦਾ ਪਹਿਲਾਂ ਹੀ ਪਾਠ "ਖਾਲਸੇ" ਹੈ. ਇਹ ਦਮਦਮੇ ਵਾਲੀ ਜਿਲਦ ਸੰਮਤ ੧੮੧੮ ਵਿੱਚ ਕੁੱਪਰਹੀੜੇ ਦੇ ਜੰਗ "ਵਡੇ ਘੱਲੂਘਾਰੇ" ਵਿੱਚ ਖਾਲਸਾ ਦਲ ਦੇ ਹੱਥੋਂ ਜਾਂਦੀ ਰਹੀ, ਪਰ ਇਸ ਤੋਂ ਪਹਿਲਾਂ ਇਸ ਦੀਆਂ ਬਹੁਤ ਕਾਪੀਆਂ ਹੋ ਚੁੱਕੀਆਂ ਸਨ.³#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਦ, ਸ਼ਬਦ, ਸਲੋਕ, ਛੰਤ, ਪੌੜੀ ਆਦਿ ਦੀ ਗਿਣਤੀ ਇਉਂ ਹੈ:-#ਅਮਰਦਾਸ ਸਤਿਗੁਰੂ
ਸਰੋਤ: ਮਹਾਨਕੋਸ਼