ਚਤੌੜਗੜ੍ਹ
chataurhagarhha/chataurhagarhha

ਪਰਿਭਾਸ਼ਾ

चतुष्कोट ਚਤੁਸ੍ਕੋਟ. ਰਾਜਪੂਤਾਨੇ ਵਿੱਚ ਇੱਕ ਪ੍ਰਸਿੱਧ ਕ਼ਿਲਾ, ਜੋ ਪੁਰਾਣੇ ਸਮੇਂ ਮੇਵਾਰ ਦੀ ਰਾਜਧਾਨੀ ਸੀ. ਇਸ ਦੀ ਲੰਬਾਈ ਸਵਾ ਤਿੰਨ ਮੀਲ ਅਤੇ ਚੌੜਾਈ ਬਾਰਾਂ ਸੌ ਗਜ਼ ਹੈ. ਸਾਰੀ ਜ਼ਮੀਨ ੬੯੦ ਏਕੜ ਹੈ. ੫੦੦ ਫੁਟ ਦੀ ਉੱਚੀ ਪਹਾੜੀ ਪੁਰ ਇਹ ਇ਼ਮਾਰਤ ਬਣਾਈ ਗਈ ਹੈ. ਇਹ ਕ਼ਿਲਾ ਮੋਰੀ ਰਾਜਪੂਤ ਚਿਤ੍ਰਾਂਗ ਨੇ ਈ਼ਸਵੀ ਸੱਤਵੀਂ ਸਦੀ ਵਿੱਚ ਬਣਾਇਆ ਹੈ. ਇਸ ਪੁਰ ਬੱਪਾਰਾਵ ਨੇ ਸਨ ੭੩੪ ਵਿੱਚ ਕਬਜ਼ਾ ਕੀਤਾ. ਇਸ ਪਿੱਛੋਂ ਇਹ ਮੇਵਾਰ ਦੀ ਰਾਜਧਾਨੀ ਸਨ ੧੫੬੭ ਤੀਕ ਰਿਹਾ.#ਇਸ ਕ਼ਿਲੇ ਤੇ ਸਭ ਤੋਂ ਪਹਿਲਾ ਹ਼ਮਲਾ ਮੇਵਾਰਪਤਿ ਰਾਜਾ ਲਕ੍ਸ਼੍‍ਮਣ ਸਿੰਘ ਦੇ ਚਾਚਾ ਭੀਮ ਸਿੰਘ ਦੀ ਮਨੋਹਰ ਪਦਮਿਨੀ ਇਸਤ੍ਰੀ ਪਦਮਾਵਤੀ ਦੇ ਲੈਣ ਲਈ ਅਲਾਉੱਦੀਨ ਖ਼ਿਲਜੀ ਦਾ ਸੰਮਤ ੧੩੬੧ ਵਿੱਚ ਹੋਇਆ. ਕਿਲਾ ਫਤੇ ਕਰਕੇ ਜਦ ਅ਼ਲਾਉੱਦੀਨ ਅੰਦਰ ਗਿਆ, ਤਦ ਪਦਮਾਵਤੀ ਦੀ ਚਿਤਾ ਦੀ ਭਸਮ ਤੋਂ ਬਿਨਾ ਉਸ ਨੂੰ ਕੁਝ ਪ੍ਰਾਪਤ ਨਹੀਂ ਹੋਇਆ. ਅ਼ਲਾਉੱਦੀਨ ਨੇ ਇਹ ਕ਼ਿਲਾ ਆਪਣੇ ਬੇਟੇ ਖ਼ਿਜਰ ਖ਼ਾਂ ਦੇ ਸਪੁਰਦ ਕੀਤਾ ਅਤੇ ਨਾਮ ਖ਼ਿਜਰਾਬਾਦ ਰੱਖਿਆ.#ਦੂਜਾ ਧਾਵਾ ਇਸ ਪੁਰ ਰਾਣਾ ਉਦਯ ਸਿੰਘ ਦੇ ਸਮੇਂ ਬਾਦਸ਼ਾਹ ਅਕਬਰ ਦਾ ਸੰਮਤ ੧੬੨੪ ਵਿੱਚ ਹੋਇਆ. ਰਾਣਾ ਜ਼ਖ਼ਮੀ ਹੋ ਕੇ ਭੱਜ ਗਿਆ ਅਤੇ ਜੈਮਲ ਤਥਾ ਪੱਤੋ (ਫੱਤਾ) ਬੜੀ ਬਹਾਦੁਰੀ ਨਾਲ ਸ਼ਹੀਦ ਹੋਏ. ਇਸ ਪਿੱਛੋਂ ਮੇਵਾਰ ਦੀ ਰਾਜਧਾਨੀ ਉਦਯਪੁਰ ਹੋ ਗਿਆ.#ਚਤੌੜ ਵਿੱਚ ਕਈ ਮੰਦਿਰ ਅਤੇ ਸਮਾਰਕ ਚਿੰਨ੍ਹ ਪੁਰਾਣਾ ਇਤਿਹਾਸ ਸਮਰਣ ਕਰਾਉਂਦੇ ਹਨ, ਪਰ ਸਭ ਤੋਂ ਮੁੱਖ ਦੋ ਹਨ-#੧. ਰਾਨਾ ਕੁੰਭ, ਜਿਸ ਨੇ ਸਨ ੧੪੩੩ ਤੋਂ ੧੪੬੮ ਤੀਕ ਮੇਵਾਰ ਦਾ ਪੈਂਤੀ ਵਰ੍ਹੇ ਰਾਜ ਕੀਤਾ, ਉਸ ਦਾ ਕੀਰਤੀਸਤੰਭ, ਜੋ ਨੌ ਮੰਜ਼ਿਲਾ ੧੨੦ ਫੁਟ ਉੱਚਾ ਹੈ.#੨. ਦੂਜਾ ਜੈਮਲ ਅਤੇ ਪੱਤੋ ਬਹਾਦੁਰ ਰਾਜਪੂਤਾਂ ਦਾ ਹੈ. ਇਸ ਕ਼ਿਲੇ ਵਿੱਚ ਜੈਨ ਤੀਰਥੰਕਰ "ਆਦਿਨਾਥ" ਦਾ ਭੀ ਇਕ ਕੀਰਤੀਸਤੰਭ ਹੈ, ਜੋ ੮੦ ਫੁਟ ਹੈ. ਚਤੌੜ ਨੂੰ ਚਿਤੋੜ ਭੀ ਆਖਦੇ ਹਨ.
ਸਰੋਤ: ਮਹਾਨਕੋਸ਼