ਚਮਕੌਰ ਸਾਹਿਬ
chamakaur saahiba/chamakaur sāhiba

ਪਰਿਭਾਸ਼ਾ

ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਵਿੱਚ ਇੱਕ ਪਿੰਡ ਹੈ, ਜਿੱਥੇ ਤਿੰਨ ਗੁਰਦ੍ਵਾਰੇ ਹਨ-#(੧) ਆਨੰਦਪੁਰ ਛੱਡਣ ਪਿੱਛੋਂ ੭. ਪੋਹ ਸੰਮਤ ੧੭੬੧ ਨੂੰ ਚਾਲੀ ਸਿੰਘ ਅਤੇ ਸ਼ਾਹਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਜੀ ਸਹਿਤ ਇਸ ਗੜ੍ਹੀ ਵਿੱਚ ਪ੍ਰਵੇਸ਼ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਦਸ਼ਾਹੀ ਸੈਨਾ ਦਾ ਟਾਕਰਾ ਕੀਤਾ, ਉਸ ਦਾ ਨਾਉਂ "ਗੜ੍ਹੀ ਸਾਹਿਬ" ਹੈ. ਇੱਥੇ ਛੋਟਾ ਜੇਹਾ ਦਰਬਾਰ ਬਣਿਆ ਹੋਇਆ ਹੈ. ਰਿਆਸਤ ਪਟਿਆਲੇ ਵੱਲੋਂ ੨੫ ਰੁਪਯੇ ਸਾਲਾਨਾ ਮਿਲਦੇ ਹਨ. ਖ਼ਾਲਸੇ ਨੂੰ ਗੁਰੁਤਾ ਦਸ਼ਮੇਸ਼ ਨੇ ਇਸੇ ਥਾਂ ਬਖ਼ਸ਼ੀ ਹੈ, ਇਸ ਕਾਰਣ ਤੋਂ, ਇਸ ਦਾ ਨਾਉਂ "ਤਿਲਕ ਅਸਥਾਨ" ਹੋ ਗਿਆ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਇਹ ਗੁਰਦ੍ਵਾਰਾ ੨੫ ਮੀਲ ਪੂਰਵ ਹੈ।#(੨) ਕਤਲਗੜ੍ਹ. ਚਮਕੌਰ ਦੀ ਯੁੱਧਭੂਮਿ ਵਿੱਚ ਜਿਸ ਥਾਂ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬ ਜੁਝਾਰ ਸਿੰਘ ਜੀ ਅਲੌਕਿਕ ਵੀਰਤਾ ਦਿਖਾਉਂਦੇ ਹੋਏ ੮. ਪੋਹ ਸੰਮਤ ੧੭੬੧ ਨੂੰ ਸ਼ਹੀਦ ਹੋਏ ਅਤੇ ਜਿਸ ਥਾਂ ਸਾਹਿਬਜ਼ਾਦਿਆਂ ਅਰ ਸ਼ਹੀਦਾਂ ਦਾ ਸਸਕਾਰ ਹੋਇਆ. ਇੱਥੇ ਬਹੁਤ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ੮. ਪੋਹ ਨੂੰ ਭਾਰੀ ਮੇਲਾ ਹੁੰਦਾ ਹੈ. ਸੋ ਵਿੱਘੇ ਜ਼ਮੀਨ ਸਿੱਖਰਾਜ ਸਮੇਂ ਦੀ ਅਤੇ ਤਿੰਨ ਸੌ ਰੁਪਯਾ ਸਾਲਾਨਾ ਜਾਗੀਰ ਪਿੰਡ ਰਾਇਪੁਰ ਤੋਂ ਰਾਜਾ ਭੂਪ ਸਿੰਘ ਦੀ ਲਾਈ ਹੋਈ ਅਤੇ ਛੀ ਸੌ ਇਕਾਹਠ ਰੁਪਯੇ ਰਿਆਸਤ ਪਟਿਆਲੇ ਤੋਂ ਮਿਲਦੇ ਹਨ.#(੩) ਦਮਦਮਾ ਸਾਹਿਬ. ਦਸ਼ਮੇਸ਼ ਇੱਕ ਵਾਰ ਕੁਰੁਛੇਤ੍ਰ ਨੂੰ ਜਾਂਦੇ ਹੋਏ ਵਿਰਾਜੇ ਹਨ. ਦਰਬਾਰ ਨਾਲ ੧੭. ਘੁਮਾਉਂ ਜ਼ਮੀਨ ਹੈ.#ਚਮਕੌਰ ਸਾਹਿਬ ਵਿੱਚ ਧਰਮਵੀਰ ਜੀਵਨ ਸਿੰਘ ਜੀ ਦਾ ਸ਼ਹੀਦਬੁੰਗਾ ਭੀ ਪਵਿਤ੍ਰ ਅਸਥਾਨ ਹੈ.
ਸਰੋਤ: ਮਹਾਨਕੋਸ਼