ਪਰਿਭਾਸ਼ਾ
ਸੰਗ੍ਯਾ- ਚਰ (ਵਿਚਰਣਾ) ਗ (ਆਕਾਸ਼). ਆਕਾਸ਼ ਵਿੱਚ ਵਿਚਰਣ ਵਾਲਾ ਇੱਕ ਪੰਛੀ, ਜਿਸ ਦਾ ਨਾਮ ਫ਼ਾ. [چرغ] ਚਰਗ਼ ਅਤੇ ਅ਼. [صقر] ਸਕ਼ਰ ਹੈ. ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਚਰਗ ਕੱਦ ਵਿੱਚ ਇੱਲ ਨਾਲੋਂ ਕੁਝ ਛੋਟਾ ਹੁੰਦਾ ਹੈ. ਇਸ ਦੇ ਪੰਜੇ ਭਾਰੀ ਅਤੇ ਬਹੁਤ ਫੁਰਤੀਲਾ ਹੁੰਦਾ ਹੈ. ਅੱਖ ਇੱਲ ਨਾਲੋਂ ਵੱਡੀ ਹੁੰਦੀ ਹੈ. ਇਹ ਪੰਜਾਬ ਦਾ ਵਸਨੀਕ ਨਹੀਂ, ਠੰਢੇ ਪਹਾੜਾਂ ਤੋਂ ਸਰਦੀ ਦੇ ਸ਼ੁਰੂ ਵਿੱਚ ਆਉਂਦਾ ਹੈ ਅਤੇ ਗਰਮੀਆਂ ਵਿੱਚ ਮੁੜ ਜਾਂਦਾ ਹੈ ਅਰ ਪਹਾੜ ਦੀਆਂ ਖੁੱਡਾਂ ਵਿੱਚ ਆਂਡੇ ਦਿੰਦਾ ਹੈ. ਚੂਹੇ ਕਿਰਲੇ ਖਾਕੇ ਗੁਜਾਰਾ ਕਰਦਾ ਹੈ, ਕਦੇ ਕਦੇ ਪੰਛੀਆਂ ਨੂੰ ਭੀ ਮਾਰ ਲੈਂਦਾ ਹੈ. ਪਾਲਿਆ ਹੋਇਆ ਚਰਗ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ ਅਤੇ ਕੂੰਜ ਨੂੰ ਭੀ ਫੜ ਲੈਂਦਾ ਹੈ. ਸ਼ਿਕਾਰੀ ਇਸ ਨੂੰ ਛੀ ਮਹੀਨੇ ਆਪਣੇ ਪਾਸ ਰੱਖਦੇ ਹਨ, ਵੱਧ ਤੋਂ ਵੱਧ ਇੱਕ ਵਰ੍ਹਾ, ਇਸ ਪਿੱਛੋਂ ਇਹ ਨਿਕੰਮਾ ਹੋ ਜਾਂਦਾ ਹੈ. ਮਾਸ ਖਾਣ ਵੇਲੇ ਇਹ ਬਹੁਤ ਸਿਰ ਹਿਲਾਇਆ ਕਰਦਾ ਹੈ. ਚਰਗ ਮਦੀਨ ਹੈ, ਇਸ ਦਾ ਨਰ ਚਰਗੇਲਾ ਕਹਾਉਂਦਾ ਹੈ, ਜੋ ਕੱਦ ਵਿੱਚ ਛੋਟਾ ਹੁੰਦਾ ਹੈ ਅਤੇ ਸ਼ਿਕਾਰ ਲਈ ਨਿਕੰਮਾ ਪੰਛੀ ਹੈ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧) ੨. ਤਰਕ (ਤਰਕ੍ਸ਼ੁ hyena) ਨੂੰ ਭੀ ਲੋਕ ਚਰਕ ਅਤੇ ਚਰਗ ਆਖਦੇ ਹਨ.
ਸਰੋਤ: ਮਹਾਨਕੋਸ਼