ਪਰਿਭਾਸ਼ਾ
ਰਿਆਸਤ ਅਲਵਰ ਦੇ ਪਿੰਡ "ਡੇਹਰਾ" ਵਿੱਚ ਮੁਰਲੀਧਰ ਢੂਸਰ ਦੇ ਘਰ ਸੰਮਤ ੧੭੬੦ ਵਿੱਚ ਰਣਜੀਤ ਪੈਦਾ ਹੋਇਆ, ਜੋ ਸੁਰਤ ਸੰਭਾਲਕੇ ਵੈਰਾਗਵਾਨ ਹੋ ਕੇ ਸਾਧੂ ਬਣ ਗਿਆ ਅਰ ਨਾਉਂ ਚਰਣਦਾਸ ਰਖਾਇਆ. ਇਸ ਨੇ ਰਾਧਾ ਅਤੇ ਕ੍ਰਿਸਨ ਦੀ ਉਪਾਸਨਾ ਦਾ ਉਪਦੇਸ਼ ਦਿੱਤਾ. ਚਰਣਦਾਸ ਦਾ ਦੇਹਾਂਤ ਸੰਮਤ ੧੮੩੯ ਨੂੰ ਦਿੱਲੀ ਹੋਇਆ. ਇਸ ਦੀ ਸਮਾਧ ਤੇ ਵਸੰਤਪੰਚਮੀ ਨੂੰ ਮੇਲਾ ਭਰਦਾ ਹੈ, ਅਤੇ ਇਸ ਦੇ ਚੇਲੇ ਚਰਣਦਾਸੀਏ ਸਦਾਉਂਦੇ ਹਨ ਅਤੇ ਆਪਣੇ ਗੁਰੂ ਚਰਣਦਾਸ ਨੂੰ ਸ਼ੁਕਦੇਵ ਦਾ ਅਵਤਾਰ ਮੰਨਦੇ ਹਨ. ਚਰਣਦਾਸੀਏ ਵਿਰਕਤ ਅਤੇ ਗ੍ਰਿਹਸਥੀ ਦੋਵੇਂ ਹੁੰਦੇ ਹਨ. ਇਹ ਭਗਵਤਗੀਤਾ ਅਤੇ ਚਰਣਦਾਸ ਕ੍ਰਿਤ "ਸ੍ਵਰੋਦਯ" ਨੂੰ ਬਹੁਤ ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹਦੇ ਹਨ. ਵਿਭਚਾਰ, ਨਿੰਦਾ, ਹਿੰਸਾ ਆਦਿ ਕੁਕਰਮਾਂ ਦੇ (ਜਿਨ੍ਹਾਂ ਦੀ ਇਨ੍ਹਾਂ ਦੇ ਸੰਕੇਤ ਵਿੱਚ "ਨਾਰੂ" ਸੰਗ੍ਯਾ ਹੈ) ਤਿਆਗਣ ਦਾ ਉਪਦੇਸ਼ ਦਿੰਦੇ ਹਨ. ਦੇਖੋ, ਸੁਰੋਦਾ।#੨. ਮਾਤਾ ਸੁੰਦਰੀ ਜੀ ਦਾ ਇੱਕ ਪਾਲਿਤ ਲੜਕਾ, ਜੋ ਪੁਤ੍ਰੇਲੇ ਅਜੀਤ ਸਿੰਘ ਦੇ ਕਤਲ ਕੀਤੇ ਜਾਣ ਪਿੱਛੋਂ ਦਿੱਲੀ ਤੋਂ ਭੱਜ ਗਿਆ ਅਤੇ ਸਿੰਘ ਨਾਮ ਤ੍ਯਾਗਕੇ ਦਾਸ ਪਦਵੀ ਧਾਰਣ ਕੀਤੀ. ਇਸ ਨੇ ਆਪਣੀ ਬਾਕੀ ਜ਼ਿੰਦਗੀ ਭਦੌੜ (ਰਾਜ ਪਟਿਆਲਾ) ਵਿੱਚ ਰਹਿਕੇ ਵਿਤਾਈ.
ਸਰੋਤ: ਮਹਾਨਕੋਸ਼