ਪਰਿਭਾਸ਼ਾ
ਹਿੰਦੂਮਤ ਦੇ ਧਰਮਸ਼ਾਸਤ੍ਰਾਂ ਵਿੱਚ ਮੰਨੇ ਹੋਏ ਮਨੁੱਖਾਂ ਦੇ ਮੁੱਖ ਚਾਰ ਵਰ੍ਣ. ਚਾਰ ਜਾਤੀਆਂ. "ਬ੍ਰਹਾਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ, ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਡ ਮਃ ੪) ਵਿਦ੍ਵਾਨਾਂ ਦਾ ਖ਼ਿਆਲ ਹੈ ਕਿ ਕਿਸੇ ਸਮੇਂ ਗੋਰਾ, ਕਾਲਾ ਆਦਿ ਵਰਣ (ਰੰਗ) ਹੀ ਲੋਕਾਂ ਦੀ ਜਾਤੀ ਦਾ ਕਾਰਣ ਸਨ, ਪਰੰਤੂ ਸਮੇਂ ਦੇ ਫੇਰ ਨਾਲ ਖ਼ਾਸ ਕੁਲ ਦਾ ਰੂਢੀ ਨਾਮ ਹੋ ਕੇ ਭਿੰਨ ਜਾਤੀ ਥਾਪੀ ਗਈ. ਦੇਖੋ, ਵਿਸਨੁਪੁਰਾਣ ਅੰਸ਼ ੨. ਅਃ ੪. ਸਿਮ੍ਰਿਤੀਆਂ ਅਨੁਸਾਰ ਚਾਰ ਵਰਣਾਂ ਦੇ ਕਰਮ ਇਉਂ ਹਨ-#(ੳ) ਬ੍ਰਾਹਮਣ ਦੇ ਛੀ ਕਰਮ ਹਨ- ਵੇਦ ਪੜ੍ਹਨਾ, ਪੜ੍ਹਾਉਣਾ, ਯਗ੍ਯ ਕਰਨਾ, ਕਰਾਉਣਾ, ਦਾਨ ਦੇਣਾ ਅਤੇ ਲੈਣਾ.#(ਅ) ਛਤ੍ਰੀ (ਕ੍ਸ਼੍ਤ੍ਰਿਯ) ਦੇ ਚਾਰ ਕਰਮ ਹਨ- ਵੇਦ ਪੜ੍ਹਨਾ, ਯਗ੍ਯ ਕਰਨਾ, ਦਾਨ ਦੇਣਾ ਅਤੇ ਪ੍ਰਜਾ ਦੀ ਰਖ੍ਯਾ ਕਰਨੀ.#(ੲ) ਵੈਸ਼੍ਯ ਦੇ ਤਿੰਨ ਕਰਮ ਹਨ- ਖੇਤੀ ਕਰਨੀ, ਵਣਿਜ ਕਰਨਾ ਅਤੇ ਪਸ਼ੂਆਂ ਦੀ ਪਾਲਨਾ ਕਰਨੀ.#(ਸ) ਸ਼ੂਦ੍ਰ ਦਾ ਇੱਕ ਕਰਮ ਹੈ ਕਿ ਤੇਹਾਂ ਵਰਣਾਂ ਦੀ ਸੇਵਾ ਕਰਨੀ. ਪਹਿਲੇ ਤਿੰਨ ਵਰਣ ਦ੍ਵਿਜ ਕਹੀਦੇ ਹਨ, ਕ੍ਯੋਂਕਿ ਉਨ੍ਹਾਂ ਦੇ ਦੋ ਜਨਮ ਹਨ, ਇੱਕ ਮਾਤਾ ਦੇ ਉਦਰ ਤੋਂ, ਦੂਜਾ ਧਰਮ ਦੇ ਸੰਸਕਾਰ ਤੋਂ. ਸੰਸਕਾਰ ਜਨਮ ਦਾ ਪਿਤਾ ਗੁਰੂ ਅਤੇ ਮਾਤਾ ਗਾਯਤ੍ਰੀ ਲਿਖੀ ਹੈ.#ਗਰਭਾਧਾਨ ਤੋਂ ਬ੍ਰਾਹਮਣ ਦਾ ਅੱਠਵੇਂ, ਕ੍ਸ਼੍ਤ੍ਰਿਯ ਦਾ ਗ੍ਯਾਰਵੇਂ, ਵੈਸ਼੍ਯ ਦਾ ਬਾਰ੍ਹਵੇਂ ਵਰ੍ਹੇ ਜਨੇਊ ਸੰਸਕਾਰ ਹੁੰਦਾ ਹੈ ਅਤੇ ਜਨੇਊ ਧਾਰਕੇ ਤਿੰਨੇ ਵਰਣ ਬ੍ਰਹਮਚਰਯ ਸਹਿਤ ਗੁਰੂ ਦੇ ਘਰਿ ਵਿੱਚ ਰਹਿਕੇ ਵੇਦ ਦਾ ਅਭ੍ਯਾਸ ਕਰਦੇ ਹਨ.#ਬ੍ਰਹਮਚਰਯ ਧਾਰਣ ਸਮੇਂ ਬ੍ਰਾਹਮਣ ਦਾ ਡੰਡਾ (ਦੰਡ) ਚੋਟੀ ਤੀਕ ਲੰਮਾ ਢੱਕ (ਪਲਾਸ਼) ਜਾਂ ਬਿੱਲ ਦਾ ਹੁੰਦਾ ਹੈ ਅਰ ਜਨੇਊ ਕਪਾਸ ਦਾ ਵਿਧਾਨ ਹੈ. ਕ੍ਸ਼੍ਤ੍ਰਿਯ ਦਾ ਡੰਡਾ ਬਰੋਟੇ ਦਾ ਮੱਥੇ ਤੀਕ ਲੰਮਾ ਅਤੇ ਜਨੇਊ ਅਲਸੀ ਦੀ ਸਣ ਦਾ ਹੁੰਦਾ ਹੈ. ਵੈਸ਼੍ਯ ਦਾ ਦੰਡ ਗੁੱਲਰ ਦਾ ਮੁੱਖ ਤੀਕ ਲੰਮਾ ਅਰ ਜਨੇਉ ਉਂਨ ਦਾ ਹੁੰਦਾ ਹੈ.#ਬ੍ਰਾਹਮਣ ਨੂੰ ਕਾਲੇ ਮ੍ਰਿਗ ਦਾ ਚਰਮ, ਕ੍ਸ਼੍ਤ੍ਰਿਯ ਨੂੰ ਲਾਲ ਮ੍ਰਿਗ ਦੀ ਖਲੜੀ, ਵੈਸ਼੍ਯ ਨੂੰ ਗਊ ਅਥਵਾ ਬਕਰੇ ਦਾ ਚਰਮ ਓਢਣਾ ਵਿਧਾਨ ਹੈ.#ਬ੍ਰਾਹਮਣ ਦੇ ਨਾਮ ਨਾਲ ਸ਼ਰ੍ਮਾ, ਛਤ੍ਰੀ ਦੇ ਵਰ੍ਮਾ, ਵੈਸ਼੍ਯ ਦੇ ਗੁਪ੍ਤ ਅਤੇ ਸ਼ੂਦ੍ਰ ਦੇ ਨਾਮ ਦੇ ਅੰਤ ਦਾਸ ਲਾਉਣਾ ਚਾਹੀਏ.#ਵ੍ਰਿੱਧ ਗੌਤਮਸੰਹਿਤਾ ਦੇ ਅੱਠਵੇਂ ਅਧ੍ਯਾਯ ਵਿੱਚ ਕ੍ਰਿਸਨ ਜੀ ਦਾ ਯੁਧਿਸ੍ਠਿਰ ਨੂੰ ਉਪਦੇਸ਼ ਹੈ ਕਿ- ਮਨ ਦੇ ਭਾਵ ਹੀ ਵਰਣ ਹਨ. ਜਿਸ ਸਮੇਂ ਜੋ ਭਾਵ ਪ੍ਰਬਲ ਹੁੰਦਾ ਹੈ ਉਸ ਵੇਲੇ ਪੁਰਖ ਨੂੰ ਉਸੇ ਵਰਣ ਦਾ ਸਮਝਣਾ ਚਾਹੀਏ. ਗਰਬ, ਵੈਰ, ਦੰਭ ਆਦਿ ਭਾਵ ਛਤ੍ਰੀ ਹਨ. ਛਲ, ਚੁਗਲੀ, ਝੂਠ ਆਦਿ ਭਾਵ ਵੈਸ਼੍ਯ ਹਨ. ਆਲਸ, ਝਗੜਾ, ਕਾਇਰਤਾ, ਡਰ, ਅਪਵਿਤ੍ਰਤਾ ਆਦਿ ਸ਼ੂਦ੍ਰ ਹਨ. ਜੇ ਵੇਦਪਾਠੀ ਬ੍ਰਾਹਮਣ ਦੇ ਮਨ ਵਿੱਚ ਕਾਇਰਤਾ, ਅਪਵਿਤ੍ਰਤਾ ਆਦਿ ਭਾਵ ਵਰਤ ਰਹੇ ਹਨ, ਤਦ ਉਸ ਸਮੇਂ ਉਸ ਨੂੰ ਸ਼ੂਦ੍ਰ ਮੰਨਣਾ ਚਾਹੀਏ. ਐਸੇ ਹੀ ਹੋਰਨਾਂ ਬਾਬਤ ਸਮਝੋ.#ਸਿੱਖ ਧਰਮ ਵਿੱਚ ਵਿਹਾਰ ਅਨੁਸਾਰ ਜਨਮ ਤੋਂ ਵਰ੍ਣ ਨਹੀਂ, ਕਿੰਤੂ ਕਰਮ ਅਨੁਸਾਰ ਹਨ ਅਤੇ ਧਰਮ ਅਨੁਸਾਰ- "ਚਾਰ ਵਰਣ ਇਕਵਰਣ ਕਰਾਇਆ." (ਭਾਗੁ) ਦੇਖੋ, ਜਾਤਿ.
ਸਰੋਤ: ਮਹਾਨਕੋਸ਼