ਪਰਿਭਾਸ਼ਾ
ਸੰ. ਛਿਰ੍ਦ. ਵਮਨ ਰੋਗ. ਉਲਟੀ ਹੋਣ ਦੀ ਬੀਮਾਰੀ. ਕ਼ਯ (ਕ਼ੈ). Vomiting. ਵਾਤ ਪਿੱਤ ਕਫ ਦੇ ਕੋਪ ਤੋਂ, ਗੰਦੀ ਮੰਦੀ ਚੀਜਾਂ ਖਾਣ ਤੋਂ, ਅਣਪਚ ਤੋਂ, ਘ੍ਰਿਣਾਯੋਗ੍ਯ ਪਦਾਰਥ ਦੇ ਦੇਖਣ ਅਤੇ ਸੁੰਘਣ ਤੋਂ ਛਰਦਿ ਰੋਗ ਹੁੰਦਾ ਹੈ. ਇਸਤ੍ਰੀਆਂ ਨੂੰ ਗਰਭ ਠਹਿਰਣ ਪਿੱਛੋਂ ਭੀ ਛਰਦਿ ਹੋਇਆ ਕਰਦੀ ਹੈ.#ਛਰਦਿ ਦਾ ਉੱਤਮ ਇਲਾਜ ਹੈ ਕਿ-#(੧) ਨਿੰਮ ਦੀ ਗਿੱਲੀ ਛਿੱਲ ਛੀ ਮਾਸ਼ੇ, ਛੋਟੀਆਂ ਇਲਾਇਚੀਆਂ ਸੱਤ, ਲੌਂਗ ਇੱਕ, ਪੋਦੀਨਾ ਛੀ ਮਾਸ਼ੇ, ਸੌਂਫ ਛੀ ਮਾਸੇ, ਇਨ੍ਹਾਂ ਨੂੰ ਚੰਗੀ ਤਰਾਂ ਘੋਟਕੇ ਦੋ ਛਟਾਂਕ ਪਾਣੀ ਬਣਾਕੇ ਮਿਸ਼ਰੀ ਪਾ ਕੇ ਇੱਕ ਜਾਂ ਦੋ ਦੋ ਤੋਲੇ ਰੋਗੀ ਨੂੰ ਕਈ ਵੇਰ ਪਿਆਓ.#(੨) ਸੌਂਫ ਦੇ ਅਰਕ ਵਿੱਚ ਜਹਿਰਮੁਹਰਾ ਜਾਂ ਦਰਿਆਈ ਖੋਪਾ ਘਸਾਕੇ ਚਟਾਓ.#(੩) ਛੋਟੀਆਂ ਇਲਾਇਚੀਆਂ ਦੇ ਬੀਜ, ਗੁਲਖੈਰਾ, ਨਾਗਰਮੋਥਾ, ਬੇਰ ਦੀ ਗੁਠਲੀ ਦੀ ਗਿਰੀ, ਮਘਾਂ, ਚਿੱਟਾ ਚੰਦਨ, ਧਾਨਾਂ ਦੀਆਂ ਖਿੱਲਾਂ, ਲੌਂਗ, ਨਾਗਕੇਸਰ, ਇਨ੍ਹਾਂ ਨੌ ਸਮ ਵਜਨ ਦਵਾਈਆਂ ਦਾ ਚੂਰਣ ਸ਼ਹਿਦ ਅਤੇ ਮਿਸ਼ਰੀ ਮਿਲਾਕੇ ਖਵਾਓ.#(੪) ਕੋਰੀ ਠੂਠੀ ਅੱਗ ਵਿੱਚ ਲਾਲ ਕਰਕੇ ਪਾਣੀ ਵਿੱਚ ਪੰਜ ਛੀ ਵਾਰ ਬੁਝਾਓ, ਇਹ ਪਾਣੀ ਪੀਣ ਲਈ ਦੇਓ.#(੫) ਸੁਗੰਧ ਵਾਲੇ ਪਦਾਰਥ ਸੁੰਘਾਓ.#(੬) ਸ਼ਰੀਰ, ਘਰ, ਵਸਤ੍ਰ ਆਦਿ ਨਿਰਮਲ ਰੱਖੋ.
ਸਰੋਤ: ਮਹਾਨਕੋਸ਼