ਛੱਜੂ
chhajoo/chhajū

ਪਰਿਭਾਸ਼ਾ

ਲਹੌਰ ਨਿਵਾਸੀ ਇੱਕ ਭਗਤ, ਜੋ ਭਾਟੀਆ ਜਾਤਿ ਦਾ ਸੀ ਅਰ ਸਰਾਫ਼ ਦੀ ਕਿਰਤ ਕਰਦਾ ਸੀ. ਇਹ ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਹੋਇਆ ਹੈ. ਇਸ ਦੀ ਦੁਕਾਨ ਦੇ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰ ਮੰਦਿਰ ਬਣਾ ਦਿੱਤਾ, ਜੋਹੁਣ ਮੇਯੋ ਹਾਸ ਪਿਟਲ (Mayo Hospital) ਪਾਸ ਰਤਨਾਚੰਦ ਦੀ ਸਰਾਂ ਦੇ ਦੱਖਣ ਹੈ. ਇਸੇ ਥਾਂ ਸੰਗਮਰਮਰ ਦੀ ਛੱਜੂ ਦੀ ਸਮਾਧਿ ਹੈ ਅਸਥਾਨ ਦੇ ਪੁਜਾਰੀ ਦਾਦੂਪੰਥੀ ਸਾਧੂ ਹਨ. ਛੱਜੂ ਭਗਤ ਦਾ ਦੇਹਾਂਤ ਸੰਮਤ ੧੬੯੬ ਵਿੱਚ ਹੋਇਆ ਹੈ. ਛੱਜੂ ਦੇ ਇਸ ਅਸਥਾਨ ਨੂੰ ਲੋਕ ਛੱਜੂ ਭਗਤ ਦਾ ਚੌਬਾਰਾ ਆਖਦੇ ਹਨ. ਇੱਕ ਇਸੇ ਭਗਤ ਦੇ ਭਜਨ ਕਰਣ ਦਾ ਥਾਂ ਢਾਲ ਮਹੱਲੇ ਵਿੱਚ ਭੀ ਛੱਜੂ ਭਗਤ ਦਾ ਚੌਬਾਰਾ ਨਾਮ ਤੋਂ ਪ੍ਰਸਿੱਧ ਹੈ. ਦੇਖੋ, ਕਾਨ੍ਹਾ ਅਤੇ ਛੱਜੂਪੰਥੀ। ੨. ਕੋਹਲੀ ਗੋਤ ਦਾ ਇੱਕ ਪ੍ਰੇਮੀ, ਜੋ ਸੁਲਤਾਨਪੁਰ ਦਾ ਨਿਵਾਸੀ ਸੀ. ਇਹ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪ੍ਰਸਿੱਧ ਉਪਕਾਰੀ ਹੋਇਆ ਹੈ। ੩. ਗੁਰੂ ਹਰਿਗੋਬਿੰਦ ਸਾਹਿਬ ਦਾ ਸੈਨਾਨੀ, ਜਿਸ ਨੇ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. "ਛੱਜੂ ਗੱਜੂ ਮੁਹਰੂ ਰੰਧਾਵਾ ਤੇ ਸੁਜਾਨਾ ਬੀਰ." (ਗੁਪ੍ਰਸੂ) ੪. ਪੰਜੋਖਰਾ (ਜਿਲਾ ਅੰਬਾਲਾ) ਨਿਵਾਸੀ ਇੱਕ ਮਹਾਂ ਮੂਰਖ ਝੀਵਰ, ਜਿਸ ਪੁਰ ਕ੍ਰਿਪਾਦ੍ਰਿਸ੍ਟਿ ਕਰਕੇ ਗੁਰੂ ਹਰਿਕ੍ਰਿਸਨ ਸਾਹਿਬ ਨੇ ਐਸਾ ਵਿਦ੍ਯਾਬਲ ਬਖ਼ਸ਼ਿਆ ਜਿਸ ਤੋਂ ਪੰਡਿਤ ਲਾਲਚੰਦ ਨੂੰ ਗੀਤਾ ਦੇ ਅਰਥ ਸੁਣਾਕੇ ਸ਼ਾਸ੍ਤਾਰਥ ਵਿੱਚ ਨਿਰੁੱਤਰ ਕੀਤਾ.#"ਗ੍ਰਾਮ ਹੋ ਪੰਜੋਖਰਾ ਦਿਲੀ ਕੋ ਜਾਤੇ ਮਗ ਮਾਹਿਂ#ਤਹਾਂ ਆਪ ਬੋਲੇ ਆਜ ਇਹਾਂ ਰਹ੍ਯੋ ਚਹਿ੍ਯੇ, x x#ਗ੍ਵਾਲ ਕਵਿ ਕਹੈ ਛੱਜੂ ਝੀਵਰ ਤਹਾਂ ਕੋ ਹੁਤੋ#ਵਾਂਕੋ ਛਰੀ ਛ੍ਵਾਇ ਕਹਿਵਾਯੋ ਅਰ੍‍ਥ ਸਹਿਯੇ." (ਗੁਰੁਪੰਚਾਸਾ)
ਸਰੋਤ: ਮਹਾਨਕੋਸ਼