ਜਨੁ
janu/janu

ਪਰਿਭਾਸ਼ਾ

ਸੰ. जन ਧਾ ਉਤਪੰਨ ਕਰਨਾ, ਜਣਨਾ, ਪੈਦਾ ਕਰਨਾ। ੨. ਵਿ- ਉਤਪੰਨ. ਪੈਦਾ ਹੋਇਆ। ੩. ਸੰਗ੍ਯਾ- ਲੋਕ. "ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ." (ਵਾਰ ਗਉ ੧. ਮਃ ੪) ੪. ਸਮੂਹ. ਸਮੁਦਾਯ. "ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ." (ਅਨੰਦੁ) ੫. ਭਗਤ. ਸਾਧੁ. "ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿ." (ਵਾਰ ਬਿਲਾ ਮਃ ੩) ੬. ਦਾਸ. ਸੇਵਕ."ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ." (ਸ੍ਰੀ ਰਵਿਦਾਸ) ੭. ਪੁਰਖ. ਪ੍ਰਾਣੀ. "ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ." (ਸੁਖਮਨੀ) ੮. ਪੁਰਾਣਾਂ ਅਨੁਸਾਰ ਉੱਪਰਲੇ ਸੱਤ ਲੋਕਾਂ ਵਿੱਚੋਂ ਪੰਜਵਾਂ ਲੋਕ, ਜਿਸ ਵਿੱਚ ਬ੍ਰਹਮਾ ਦੇ ਪੁਤ੍ਰ ਸਨਕਾਦਿ ਅਤੇ ਮਹਾਨ ਯੋਗੀ ਰਹਿੰਦੇ ਹਨ। ੯. ਫ਼ਾ. [زن] ਜ਼ਨ. ਭਾਰਯਾ. ਜੋਰੂ. ਵਹੁਟੀ. "ਜਨ ਪਿਸਰ ਪਦਰ ਬਿਰਾਦਰਾ." (ਤਿਲੰ ਮਃ ੧) ੧੦. ਇਸਤ੍ਰੀ. ਨਾਰੀ. "ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ." (ਵਾਰ ਰਾਮ ੩) ੧੧. ਮਾਰ. ਪ੍ਰਹਾਰ. ਇਹ ਅਮਰ ਹੈ ਜ਼ਦਨ ਦਾ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼." (ਜਫਰ) ੧੨. ਪ੍ਰਤ੍ਯ- ਮਾਰਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤੇਗ਼ਜ਼ਨ। ੧੩. ਜੌਨ (ਚਾਂਦਨੀ ਦੇ ਅਰਥ ਵਿੱਚ ਭੀ ਜਨ ਸ਼ਬਦ ਆਇਆ ਹੈ. ) "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ." (ਸਵੈਯੇ ਮਃ ੪. ਕੇ) ਪਹਿਲੇ ਗੁਰੂ ਨਾਨਕ ਚੰਦ੍ਰਮਾਰੂਪ ਹੋਏ, ਤਾਰਾਰੂਪ ਮਨੁੱਖਾਂ ਵਿੱਚ ਆਪਣੀ ਜਨ (ਜੌਨ) ਦਾ ਪ੍ਰਕਾਸ਼ ਕੀਤਾ. ਇਸ ਥਾਂ ਤਾਰਨ ਸ਼ਬਦ ਸ਼ਲੇਸ ਹੈ. ਤਾਰਾਗਣ (ਨਕ੍ਸ਼੍‍ਤ੍ਰ) ਅਤੇ ਤਾਰਣ (ਉੱਧਾਰਣ). ੧੪. ਜਾਣਨ ਲਈ ਭੀ ਜਨ ਸ਼ਬਦ ਆਇਆ ਹੈ, ਯਥਾ- "ਆਦਿ ਅੰਤ ਜਿਨ ਜਨਲਯੋ." (ਗੁਰੁਸੋਭਾ) ਜਿਸ ਨੇ ਜਾਣ ਲੀਤਾ। ੧੫. ਦੇਖੋ, ਜੱਨ.; ਸੇਵਕ ਦਾਸ. ਦੇਖੋ, ਜਨ ੬. "ਜਨੁ ਨਾਨਕ ਮੰਗੈ ਦਾਨੁ." (ਵਾਰ ਰਾਮ ੨. ਮਃ ੫) ੨. ਪੁਰਖ. ਮਨੁੱਖ. ਦੇਖੋ, ਜਨ ੭. "ਸੰਤ ਸਰਨਿ ਜੋ ਜਨੁ ਪਰੈ." (ਸੁਖਮਨੀ) ੩. ਕ੍ਰਿ. ਵਿ- ਮਾਨੋ. ਜਾਣੀਓਂ. ਗੋਯਾ. "ਸ੍ਰੋਣਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਂਜੁਲਿ ਦੀਨੋ." (ਚੰਡੀ ੧) "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫) ੪. ਸੰ. ਜਨਮ. ਉਤਪੱਤਿ.
ਸਰੋਤ: ਮਹਾਨਕੋਸ਼