ਪਰਿਭਾਸ਼ਾ
ਗਹਰਵਾਰ ਜਾਤਿ ਦਾ ਰਾਠੌਰ ਰਾਜਪੂਤ, ਕਨੌਜ ਦਾ ਅਖ਼ੀਰੀ ਰਾਜਾ ਜਯਚੰਦ੍ਰ. ਇਹ ਵਿਜਯਚੰਦ੍ਰ ਦਾ ਪੁਤ੍ਰ ਅਤੇ ਗੋਵਿੰਦਚੰਦ੍ਰ ਦਾ ਪੋਤਾ ਅਰ ਦਿੱਲੀ ਦੇ ਮਹਾਰਾਜਾ ਅਨੰਗਪਾਲ ਦਾ ਦੋਹਤਾ ਸੀ. ਇਸ ਨੇ ਪ੍ਰਿਥੀਰਾਜ ਦਾ ਨਾਸ਼ ਕਰਨ ਲਈ ਸ਼ਾਹਬੁੱਦੀਨ ਗ਼ੋਰੀ ਨੂੰ ਬਹੁਤ ਭੜਕਾਇਆ ਕਿਉਂਕਿ ਪ੍ਰਿਥੀਰਾਜ ਇਸ ਦੀ ਪੁਤ੍ਰੀ ਨੂੰ ਖੋਹਕੇ ਲੈ ਗਿਆ ਸੀ. ਪਾਨੀਪਤ ਦੀ ਲੜਾਈ ਵਿੱਚ ਪ੍ਰਿਥੀਰਾਜ ਮਾਰਿਆ ਗਿਆ ਅਤੇ ਹਿੰਦੂਰਾਜ ਦੀ ਸਮਾਪਤੀ ਹੋਈ. ਥੋੜੇ ਹੀ ਸਮੇਂ ਪਿੱਛੋਂ ਜਯਚੰਦ ਨੂੰ ਭੀ ਦੇਸ਼ਘਾਤ ਦਾ ਫਲ ਭੋਗਣਾ ਪਿਆ. ਇਹ ਮੁਸਲਮਾਨਾਂ ਤੋਂ ਹਾਰਕੇ ਭਜਦਾ ਹੋਇਆ ਇੱਕ ਨਦੀ ਵਿੱਚ ਡੁੱਬ ਮੋਇਆ. ਇਹ ਘਟਨਾ ਸੰਮਤ ੧੨੫੨ (ਸਨ ੧੧੯੪) ਦੀ ਹੈ। ੨. ਕਾਂਗੜੇ ਦਾ ਰਾਜਾ, ਜੋ ਬਾਦਸ਼ਾਹ ਅਕਬਰ ਵੇਲੇ ਰਾਜ ਕਰਦਾ ਸੀ.
ਸਰੋਤ: ਮਹਾਨਕੋਸ਼