ਪਰਿਭਾਸ਼ਾ
ਜਯਦਯਾ ਅਤੇ ਜਯਜੀਵ¹ ਪਦ ਪਹਾੜ ਵਿੱਚ ਰਾਮ ਰਾਮ, ਸਲਾਮ ਅਤੇ ਫ਼ਤੇ ਦੀ ਥਾਂ ਵਰਤੇ ਜਾਂਦੇ ਹਨ, ਇਨ੍ਹਾਂ ਦਾ ਅਰਥ ਹੈ- ਜਯ ਹੋਵੇ ਅਤੇ ਜੀਵਿਤ ਰਹੋ. ਦੇਵ ਦੀ ਕ੍ਰਿਪਾ ਨਾਲ ਆਪਦੀ ਜੈ ਹੋਵੇ. ਪਰੰਤੂ ਇਸ ਪਦ ਦੇ ਕਹਾਉਣ ਦਾ ਅਧਿਕਾਰ ਕੇਵਲ ਉੱਚਵੰਸ਼ ਦੇ ਰਾਜਪੂਤਾਂ ਨੂੰ ਹੈ. ਵਡੀ ਕੁਲ ਦਾ ਰਾਜਪੂਤ ਕਦੀ ਛੋਟੀ ਕੁਲ ਨੂੰ 'ਜਯਦਯਾ' ਨਹੀਂ ਆਖਦਾ. ਰਾਜਾ ਬੀਰ ਸਿੰਘ ਨੂਰਪੁਰੀਏ ਨੇ ਰਾਜ ਖੁਹਾਕੇ ਤੰਗੀ ਦੀ ਹਾਲਤ ਵਿੱਚ ਭੀ ਮਹਾਰਾਜਾ ਰਣਜੀਤ ਸਿੰਘ ਦੀ ਬਖ਼ਸ਼ੀ ਹੋਈ ਪੱਚੀ ਹਜ਼ਾਰ ਸਾਲਾਨਾ ਜਾਗੀਰ ਦੀ ਸਨਦ, ਰਾਜਾ ਧ੍ਯਾਨ ਸਿੰਘ ਡੋਗਰੇ ਤੋਂ ਨਹੀਂ ਲਈ ਸੀ, ਕਿਉਂਕਿ ਧ੍ਯਾਨ ਸਿੰਘ, ਬੀਰ ਸਿੰਘ ਤੋਂ ਜਯਦਯਾ ਅਖਾਉਣਾ ਚਾਹੁੰਦਾ ਸੀ, ਅਰ ਬੀਰ ਸਿੰਘ ਆਪ ਨੂੰ ਉੱਚਕੁਲ ਦਾ ਜਾਣਕੇ ਮੀਏਂ ਧ੍ਯਾਨ ਸਿੰਘ ਨੂੰ ਜਯਦਯਾ ਕਦੇ ਆਖਣਾ ਪਸੰਦ ਨਹੀਂ ਕਰਦਾ ਸੀ.
ਸਰੋਤ: ਮਹਾਨਕੋਸ਼