ਪਰਿਭਾਸ਼ਾ
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ.
ਸਰੋਤ: ਮਹਾਨਕੋਸ਼