ਜਸਵੰਤ ਸਿੰਘ
jasavant singha/jasavant singha

ਪਰਿਭਾਸ਼ਾ

ਜੋਧਪੁਰ ਦਾ ਰਾਜਾ ਜੋ ਗਜਸਿੰਘ ਦਾ ਪੁਤ੍ਰ ਸੀ. ਇਹ ਸੰਮਤ ੧੬੯੪ (ਸਨ ੧੬੩੮) ਵਿੱਚ ਗੱਦੀ ਤੇ ਬੈਠਾ. ਇਹ ਪਹਿਲਾਂ ਸ਼ਾਹਜਹਾਂ ਦਾ ਫੌਜਦਾਰ ਸੀ ਫੇਰ ਔਰੰਗਜ਼ੇਬ ਦਾ ਸੱਤਹਜ਼ਾਰੀ ਮਨਸਬਦਾਰ ਹੋਇਆ. ਇਸ ਨੂੰ ਜਮਰੋਦ ਦਾ ਫੌਜਦਾਰ ਬਣਾਕੇ ਭੇਜਿਆ ਗਿਆ, ਜਿੱਥੇ ਸਨ ੧੬੭੮ ਵਿੱਚ ਮੋਇਆ.¹ ਇਸ ਦੇ ਮਰਣ ਪੁਰ ਆ਼ਲਮਗੀਰ ਨੇ ਇਸ ਦੀ ਸੰਤਾਨ ਨੂੰ ਮੁਸਲਮਾਨ ਕਰਨਾ ਚਾਹਿਆ, ਪਰ ਚਤੁਰ ਰਾਣੀ ਅਤੇ ਅਹਿਲਕਾਰਾਂ ਦੇ ਯਤਨ ਨਾਲ, ਇਸ ਦਾ ਕੁਟੰਬ ਦਿੱਲੀ ਤੋਂ ਭੱਜ ਆਇਆ. ਸ਼ਾਹੀ ਫ਼ੌਜ ਨੇ ਪਿੱਛਾ ਕੀਤਾ ਅਤੇ ਸਾਰੇ ਦਲ ਨੂੰ ਮਾਰ ਮੁਕਾਇਆ, ਕੇਵਲ ਟਿੱਕਾ ਅਜੀਤ ਸਿੰਘ ਅਤੇ ਉਸ ਦੀ ਮਾਂ ਲੁਕਕੇ ਬਚੇ. ਔਰੰਗਜ਼ੇਬ ਦੇ ਮਰਣ ਪੁਰ ਅਜੀਤਸਿੰਘ ਨੂੰ ਜੋਧਪੁਰ ਰਿਆਸਤ ਸਨ ੧੭੧੧ ਵਿੱਚ ਵਾਪਿਸ ਮਿਲੀ ਅਤੇ ਫ਼ਰਰੁਖ਼ ਸਿਯਰ ਬਾਦਸ਼ਾਹ ਨੇ ਉਸ ਦੀ ਬੇਟੀ ਨਾਲ ਸ਼ਾਦੀ ਕੀਤੀ. ਦੇਖੋ, ਫਰਰੁਖ ਸਿਯਰ।#੨. ਫੂਲਵੰਸ਼ੀ ਰਾਜਾ ਹਮੀਰਸਿੰਘ ਨਾਭਪਤਿ ਦਾ ਰਾਣੀ ਰਾਜਕੌਰ ਦੇ ਉਦਰ ਤੋਂ ਸੁਪੁਤ੍ਰ, ਜਿਸ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਪਿਤਾ ਦੇ ਮਰਣ ਪਿੱਛੋਂ ਇਹ ਅੱਠ ਵਰ੍ਹੇ ਦੀ ਉਮਰ ਵਿੱਚ ਸਨ ੧੭੮੩ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਇਸ ਦੀ ਨਾਬਾਲਗੀ ਦੇ ਸਮੇਂ ਉਸ ਦੀ ਮਤੇਈ ਮਾਈ ਦੇਸੋ, ਜੋ ਵਡੀ ਧਰਮਾਤਮਾ ਅਤੇ ਨੀਤਿਨਿਪੁਣ ਸੀ, ਰਾਜਪ੍ਰਬੰਧ ਕਰਦੀ ਰਹੀ. ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼ ਅਤੇ ਚਤੁਰ ਰਾਜਾ ਸੀ. ਇਸ ਨੇ ਅੰਗ੍ਰੇਜ਼ੀ ਸਰਕਾਰ ਨੂੰ ਅਨੇਕ ਜੰਗਾਂ ਵਿੱਚ ਸਹਾਇਤਾ ਦਿੱਤੀ. ਪ੍ਰਜਾ ਦੀ ਪਾਲਨਾ ਅਤੇ ਵਿਦ੍ਵਾਨਾਂ ਨੂੰ ਸਨਮਾਨ ਨਾਲ ਆਪਣੇ ਪਾਸ ਰੱਖਣਾ ਇਸ ਦਾ ਮੁੱਖ ਕਰਮ ਸੀ. ਰਾਜਾ ਜਸਵੰਤ ਸਿੰਘ ਦਾ ਦੇਹਾਂਤ ੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿਚ ਨਾਭੇ ਹੋਇਆ। ੩. ਦੇਖੋ, ਖੁਦਾ ਸਿੰਘ.
ਸਰੋਤ: ਮਹਾਨਕੋਸ਼