ਪਰਿਭਾਸ਼ਾ
ਜਿਨ (ਰਿਸਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌਂਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ- ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਮ੍ਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ).#ਜੈਨ ਮਤ ਦੇ ਦੋ ਫ਼ਿਰਕ਼ੇ ਮੁੱਖ ਹਨ- ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜਰੂਰੀ ਹੈ. ਅਤੇ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੁ ਨੂੰ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਨੂੰ ਧਨ ਜਮਾਂ ਕਰਨ ਦਾ ਨਿਸੇਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ ਭਾਦੋਂ ਬਦੀ ੧੨. ਤੋਂ ਭਾਦੋਂ ਸੁਦੀ ੪. ਤੀਕ. ਅਖ਼ੀਰੀ ਦਿਨ ਦਾ ਨਾਮ "ਛਮਛਰੀ"¹ ਹੈ, ਜੋ ਸਭ ਤੋਂ ਪਵਿਤ੍ਰ ਹੈ.#ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. "ਜੈਨ ਮਾਰਗ ਸੰਜਮ ਅਤਿ ਸਾਧਨ." (ਸੁਖਮਨੀ) ਦੇਖੋ, ਤੀਰਥੰਕਰ, ਮਾਯਮੋਹ ਅਤੇ ਰਿਖਭਦੇਵ। ੨. ਅ਼. [زین] ਜ਼ੈਨ. ਖ਼ੂਬੀ. ਗੁਣ। ੩. ਸਜਾਵਟ. ਸ਼੍ਰਿੰਗਾਰ। ੪. ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗ ਦਿੱਤਾ ਹੈ.
ਸਰੋਤ: ਮਹਾਨਕੋਸ਼