ਜੱਸਾ ਸਿੰਘ
jasaa singha/jasā singha

ਪਰਿਭਾਸ਼ਾ

ਆਹਲੂਵਾਲ ਦਾ ਵਸਨੀਕ ਬਦਰ ਸਿੰਘ ਦਾ ਪੁਤ੍ਰ, ਜੋ ਸਨ ੧੭੧੮ ਵਿੱਚ ਪੈਦਾ ਹੋਇਆ. ਇਹ ਨਵਾਬ ਕਪੂਰ ਸਿੰਘ ਦੀ ਸੰਗਤਿ ਕਰਕੇ ਕਰਣੀ ਵਾਲਾ ਸਿੰਘ ਹੋਇਆ. ਆਹਲੂਵਾਲੀਆ ਮਿਸਲ ਦੀ ਇਸ ਨੂੰ ਜਾਨ ਕਹਿਣਾ ਚਾਹੀਏ. ਮਾਤਾ ਸੁੰਦਰੀ ਜੀ ਨੇ ਇਸ ਨੂੰ ਆਸ਼ੀਰਵਾਦ ਦੇ ਕੇ ਇੱਕ ਗੁਰਜ ਬਖ਼ਸ਼ੀ ਸੀ. ਪੰਥ ਵਿੱਚ ਇਸ ਦਾ ਭਾਰੀ ਮਾਨ ਸੀ. ਪਟਿਆਲਾਪਤਿ ਰਾਜਾ ਅਮਰ ਸਿੰਘ ਨੇ ਜੱਸਾ ਸਿੰਘ ਤੋਂ ਅਮ੍ਰਿਤ ਛਕਿਆ ਸੀ. ਇਸ ਯੋਧਾ ਨੇ ਸਨ ੧੭੪੮ ਵਿੱਚ ਅੰਮ੍ਰਿਤਸਰ ਦੇ ਹ਼ਾਕਮ ਸਲਾਬਤਖ਼ਾਂਨ ਨੂੰ ਕਤਲ ਕਰਕੇ ਬਹੁਤ ਇ਼ਲਾਕ਼ਾ ਆਪਣੇ ਕਬਜੇ ਕੀਤਾ ਅਰ ਸਨ ੧੭੪੯ ਵਿੱਚ ਸ਼ਾਹਨਵਾਜ਼ ਨੂੰ ਮੁਲਤਾਨੋਂ ਖ਼ਾਰਿਜ ਕਰਨ ਲਈ ਦੀਵਾਨ ਕੌੜਾਮੱਲ ਨੂੰ ਭਾਰੀ ਸਹਾਇਤਾ ਦਿੱਤੀ ਸੀ. ਸਨ ੧੭੫੩ ਵਿੱਚ ਜਲੰਧਰ ਦੇ ਹ਼ਾਕਿਮ ਅਦੀਨਾਬੇਗ ਨੂੰ ਜਿੱਤਕੇ ਫਤੇਹਬਾਦ ਪਰਗਣੇ ਪੁਰ ਕ਼ਬਜਾ ਕੀਤਾ. ਅਹ਼ਮਦਸ਼ਾਹ ਦੁੱਰਾਨੀ ਦੇ ਗ਼ੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ ਮਰਦ ਔ਼ਰਤਾਂ ਨੂੰ ਛੁਡਾਕੇ ਇਸ ਨੇ 'ਬੰਦੀਛੋੜ' ਪਦਵੀ ਪ੍ਰਾਪਤ ਕੀਤੀ. ਇਸ ਨੇ ਵਡੇ ਘੱਲੂਘਾਰੇ ਵਿੱਚ ਵਡੀ ਵੀਰਤਾ ਵਿਖਾਈ, ੨੨ ਜ਼ਖ਼ਮ ਖਾਕੇ ਭੀ ਹ਼ੌਸਲੇ ਨਾਲ ਲੜਦਾ ਰਿਹਾ. ਸਨ ੧੭੭੪ ਵਿੱਚ ਇਸ ਨੇ ਕਪੂਰਥਲਾ ਲੈ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਅਰ ਆਪਣਾ ਸਿੱਕਾ ਚਲਾਇਆ¹ ਧਰਮਵੀਰ ਜੱਸਾ ਸਿੰਘ ਨਿਰਮਾਨ, ਦਾਨੀ, ਦੇਸਹਿਤੈਸੀ ਅਤੇ ਵਡਾ ਸਦਾਚਾਰੀ ਸੀ. ਇਸ ਦਾ ਦੇਹਾਂਤ ਸੰਮਤ ੧੮੪੦ (ਸਨ ੧੭੮੩) ਵਿੱਚ ਅਮ੍ਰਿਤਸਰ ਹੋਇਆ. ਸਮਾਧਿ ਬਾਬਾ ਅਟਲ ਜੀ ਦੇ ਦੇਹਰੇ ਪਾਸ ਹੈ. ਦੇਖੋ, ਕਪੂਰਥਲਾ.#੨. ਰਾਮਗੜ੍ਹੀਆ ਜੱਸਾ ਸਿੰਘ, ਜੋ ਗ੍ਯਾਨੀ ਭਗਵਾਨ ਸਿੰਘ ਦਾ ਸੁਪੁਤ੍ਰ ਸੀ. ਇਹ ਸ਼ਸਤ੍ਰਵਿਦ੍ਯਾ ਦਾ ਧਨੀ ਅਤੇ ਵਡਾ ਹਿੰਮਤੀ ਸੀ. ਖਾਲਸਾ ਪੰਥ ਨੇ ਇਸ ਨੂੰ ਕੁੜੀ ਮਾਰਨ ਦਾ ਕਲੰਕ ਲਾਕੇ ਪੰਗਤ ਵਿੱਚੋਂ ਛੇਕ ਦਿੱਤਾ, ਇਹ ਆਪਣੇ ਚਾਰ ਭਾਈਆਂ ਸਮੇਤ ਜਲੰਧਰ ਦੇ ਹਾਕਮ ਅਦੀਨਾਬੇਗ ਪਾਸ ਨੌਕਰ ਜਾ ਹੋਇਆ, ਅਤੇ ਸਿੱਖਾਂ ਦੀ ਟੋੱਲੀ ਦਾ ਅਫਸਰ ਬਣਿਆ. ਜਦ ਸ਼ਾਹਜ਼ਾਦਾ ਤੈਮੂਰ ਪੰਜਾਬ ਆਇਆ ਅਤੇ ਅਦੀਨਾਬੇਗ ਪਹਾੜ ਵੱਲ ਨੱਠ ਗਿਆ, ਤਾਂ ਜੱਸਾ ਸਿੰਘ ਨੇ ਅਮ੍ਰਿਤਸਰ ਜਾ ਕੇ ਪੰਥ ਤੋਂ ਮੁਆਫੀ ਮੰਗ ਲਈ ਅਤੇ ਨੰਦ ਸਿੰਘ ਸੰਘਾਣੀ ਨਾਲ ਮਿਲਕੇ ਰਹਿਣ ਲੱਗਾ. ਇਨ੍ਹਾਂ ਦੋਹਾਂ ਨੇ ਰਾਮਰੌਣੀ ਨੂੰ ਨਵੇਂ ਸਿਰਿਓਂ ਬਣਾਇਆ. ਅਦੀਨਾਬੇਗ ਦੇ ਜਰਨੈਲ ਨੇ ਇਸ ਗੜ੍ਹੀ ਨੂੰ ਢਹਾ ਦਿੱਤਾ, ਪਰ ਜੱਸਾ ਸਿੰਘ ਨੇ ਰਾਮਰੌਣੀ ਨੂੰ ਮੁੜ ਉਸਾਰਿਆ ਅਤੇ ਨਾਮ "ਰਾਮਗੜ੍ਹ" ਰੱਖਿਆ.#ਜੱਸਾ ਸਿੰਘ ਨੇ ਕਨ੍ਹੈਯਾ ਮਿਸਲ ਨਾਲ ਮਿਲਕੇ ਦੀਨਾਨਗਰ, ਬਟਾਲਾ, ਕਲਾਨੌਰ, ਸ੍ਰੀ ਗੋਬਿੰਦਪੁਰ, ਕਾਦੀਆਂ, ਘੁਮਾਣ ਆਦਿ ਨਗਰ ਅਤੇ ਕੁਝ ਦੁਆਬੇ ਦਾ ਇਲਾਕਾ ਫਤੇ ਕਰਕੇ ਆਪਣੀ ਹੁਕੂਮਤ ਬੈਠਾਈ, ਪਰ ਆਹਲੂਵਾਲੀਏ ਜੱਸਾ ਸਿੰਘ ਨਾਲ ਟਾਕਰਾ ਹੋਣ ਤੋਂ ਇਸਨੂੰ ਇੱਕ ਵਾਰ ਸਤਲੁਜੋਂ ਪਾਰ ਹੋ ਕੇ ਸਰਸੇ ਦਿਨ ਵਿਤਾਉਣੇ ਪਏ. ਸਨ ੧੭੮੩ ਤਕ ਇਹ ਸਰਸੇ ਵੱਲ ਰਹਿਕੇ ਦਿੱਲੀ ਮੇਰਟ ਤਕ ਮਾਰਾਂ ਮਾਰਦਾ ਰਿਹਾ. ਹਿਸਾਰ ਦੇ ਹਾਕਮ ਪਾਸੋਂ ਬ੍ਰਾਹਮਣ ਲੜਕੀਆਂ ਨੂੰ ਜੰਗ ਕਰਕੇ ਛੁਡਾਉਣ ਤੋਂ ਇਸ ਦੀ ਉਸ ਦੇਸ਼ ਵਿੱਚ ਵਡੀ ਮਹਿਮਾ ਫੈਲੀ. ਇਹ ਗੁਰਬਾਣੀ ਦਾ ਪ੍ਰੇਮੀ ਵਰਤਾਕੇ ਛਕਣ ਵਾਲਾ ਅਤੇ ਨਿਡਰ ਯੋਧਾ ਸੀ. ਅਹ਼ਮਦਸ਼ਾਹ ਦੁੱਰਾਨੀ ਨਾਲ ਜੋ ਖਾਲਸੇ ਦੇ ਜੰਗ ਹੋਏ ਉਨ੍ਹਾਂ ਵਿੱਚ ਇਹ ਸ਼ਾਮਿਲ ਰਿਹਾ ਹੈ.#ਜੱਸਾ ਸਿੰਘ ਦਾ ਦੇਹਾਂਤ ਸਨ ੧੮੦੨ (ਸੰਮਤ ੧੮੬੦) ਵਿੱਚ ਹੋਇਆ. ਇਸ ਦੇ ਪੁਤ੍ਰ ਜੋਧਸਿੰਘ ਨੇ ਸਨ ੧੮੦੮ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਣ ਅੰਗੀਕਾਰ ਕੀਤੀ.
ਸਰੋਤ: ਮਹਾਨਕੋਸ਼