ਝਿੜਾਸਾਹਿਬ
jhirhaasaahiba/jhirhāsāhiba

ਪਰਿਭਾਸ਼ਾ

ਜ਼ਿਲ੍ਹਾ ਹੁਸ਼ਿਆਰਪੁਰ, ਤਸੀਲ ਊਂਨਾ ਦਾ ਇੱਕ ਪਿੰਡ, ਜੋ ਸ਼ਹਿਰ ਆਨੰਦਪੁਰ ਤੋਂ ਚਾਰ ਮੀਲ ਅਗਨਿ ਕੋਣ ਹੈ. ਇੱਥੇ ਇੱਕ ਸੰਘਣੇ ਬਿਰਛਾਂ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕੀਰਤਪੁਰ ਨਿਵਾਸ ਕਰਦੇ ਹੋਏ ਇੱਥੇ ਸ਼ਿਕਾਰ ਲਈ ਆਇਆ ਕਰਦੇ ਸਨ. ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਦੀ ਪ੍ਰੇਰਣਾ ਅਨੁਸਾਰ ਲੋਕਾਂ ਦੇ ਹਿੱਤ ਲਈ ਇੱਥੇ ਖੂਹ ਲਗਵਾਇਆ, ਜੋ ਹੁਣ ਮੌਜੂਦ ਹੈ. ਪਾਸ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ਪੰਜ ਸੌ ਘੁਮਾਉਂ ਦੇ ਕ਼ਰੀਬ ਜ਼ਮੀਨ ਰਾਜਾ ਤਾਰਾਚੰਦ ਹੰਡੂਰੀਏ ਵੱਲੋਂ ਇਸ ਅਸਥਾਨ ਨਾਲ ਜਾਗੀਰ ਹੈ. ਗੁਰਦ੍ਵਾਰੇ ਨਾਲ ਰਹਾਇਸ਼ੀ ਮਕਾਨ ਭੀ ਹੈ।#੨. ਰਿਆਸਤ ਪਟਿਆਲਾ, ਤਸੀਲ ਥਾਣਾ ਧੂਰੀ ਦੇ ਪਿੰਡ "ਕਾਂਝਲੇ" ਤੋਂ ਲਹਿੰਦੇ ਵੱਲ ਇੱਕ ਫਰਲਾਂਗ ਦੇ ਅੰਦਰ ਹੀ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦ੍ਵਾਰਾ ਹੈ. ਸੰਤ ਅਤਰ ਸਿੰਘ ਜੀ ਦੇ ਚਾਟੜੇ ਮਹੰਤ ਬਿਸ਼ਨ ਸਿੰਘ ਜੀ ਦੇ ਉੱਦਮ ਨਾਲ ਸੁੰਦਰ ਅਸਥਾਨ ਬਣ ਗਿਆ ਹੈ. ਲੰਗਰ ਦਾ ਪ੍ਰਬੰਧ ਬਹੁਤ ਚੰਗਾ ਹੈ. ਇਸ ਗੁਰਦ੍ਵਾਰੇ ਨਾਲ ੨੦. ਵਿੱਘੇ ਜ਼ਮੀਨ ਪਿੰਡ ਵੱਲੋਂ ਅਤੇ ੭੦ ਵਿੱਘੇ ਜ਼ਮੀਨ ਮਾਈ ਬਿਸਨ ਕੌਰ ਵੱਲੋਂ ਹੈ.#ਰੇਲਵੇ ਸਟੇਸ਼ਨ ਸੰਗਰੂਰ ਤੋਂ ਨੈਤਰਕੋਣ ਸੱਤ ਮੀਲ ਦੇ ਕ਼ਰੀਬ ਹੈ ਅਤੇ ਸਟੇਸ਼ਨ 'ਅਲਾਲ' ਤੋਂ ਦੱਖਣ ਵੱਲ ਪੰਜ ਮੀਲ ਦੇ ਕ਼ਰੀਬ ਹੈ.
ਸਰੋਤ: ਮਹਾਨਕੋਸ਼