ਪਰਿਭਾਸ਼ਾ
ਸੰਗ੍ਯਾ- ਹਵਾ ਦਾ ਝੋਕਾ. ਬੁੱਲਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉਃ ੫) ੨. ਥੈਲਾ। ੩. ਪੱਠਿਆਂ ਦੀ ਇੱਕ ਬੀਮਾਰੀ, ਜਿਸ ਤੋਂ ਸ਼ਰੀਰ ਹਰ ਵੇਲੇ ਕੰਬਦਾ ਰਹਿੰਦਾ ਹੈ. ਫੇਟਾ. ਸੰ. ਕਲਾਯਖੰਜ. [ثلّ] ਸ਼ਲ. Palsy. ਇਹ ਵਾਤਦੋਸ ਤੋਂ ਪੱਠਿਆਂ ਦਾ ਰੋਗ ਹੈ. ਆਦਮੀ ਚਲਦਾ ਹੋਇਆ ਕੰਬਦਾ ਹੈ, ਪੈਰ ਠਿਕਾਣੇ ਤੇ ਨਹੀਂ ਟਿਕਦੇ, ਜੋੜ ਢਿੱਲੇ ਪੈ ਜਾਂਦੇ ਹਨ. ਇਸ ਦੇ ਕਾਰਣ ਹਨ- ਰੁੱਖਾ ਬਾਸੀ ਖਾਣਾ, ਬਹੁਤ ਸ਼ਰਾਬ ਪੀਣੀ, ਜਾਦਾ ਭੋਗ ਕਰਨਾ, ਬਹੁਤ ਜਗਾਣਾ, ਸ਼ਰੀਰ ਦੀ ਧਾਤੁ ਨਾਸ਼ ਹੋਣੀ, ਫਾਕੇ ਕੱਟਣੇ, ਪੱਠਿਆਂ ਤੇ ਸੱਟ ਵੱਜਣੀ, ਬਹੁਤ ਅਸਵਾਰੀ ਕਰਨੀ ਆਦਿ.#ਇਸ ਦਾ ਸਾਧਾਰਣ ਇਲਾਜ ਹੈ- ਇਰੰਡ ਦੇ ਬੀਜਾਂ ਦੀ ਗਿਰੂ ਪੀਸਕੇ ਗਊ ਦੇ ਦੁੱਧ ਵਿੱਚ ਰਿੰਨ੍ਹਕੇ ਖਾਣੀ.#ਰਾਇਸਨ (ਝੰਜਣ) ਦੇ ਬੀਜ ਚਾਰ ਤੋਲੇ, ਗੁੱਗਲ ਪੰਜ ਤੋਲੇ ਘੀ ਵਿੱਚ ਕੁੱਟਕੇ ਮਾਸ਼ੇ ਮਾਸ਼ੇ ਦੀਆਂ ਗੋਲੀਆਂ ਬਣਾਕੇ ਇੱਕ ਜਾਂ ਦੋ ਗਊ ਦੇ ਗਰਮ ਦੁੱਧ ਨਾਲ ਖਾਣੀਆਂ. ਨਾਰਾਯਣੀ ਤੇਲ ਦੀ ਮਾਲਿਸ਼ ਕਰਨੀ। ੪. ਵਿ- ਛਿੜਕਿਆ. ਦੇਖੋ, ਝੋਲਨਾ ੪. "ਚਰਣ ਧੋਇ ਚਰਣੋਦਕ ਝੋਲਾ." (ਭਾਗੁ)
ਸਰੋਤ: ਮਹਾਨਕੋਸ਼