ਪਰਿਭਾਸ਼ਾ
ਉਹ ਟਾਲ੍ਹੀ, ਜਿਸ ਹੇਠ ਦਸਾਂ ਸਤਿਗੁਰਾਂ ਵਿੱਚੋਂ ਕੋਈ ਵਿਰਾਜਿਆ ਹੈ ਅਥਵਾ ਸਤਿਗੁਰੂ ਦੇ ਇਤਿਹਾਸ ਨਾਲ ਜਿਸ ਦਾ ਸੰਬੰਧ ਹੈ. ਹੇਠ ਲਿਖੀਆਂ ਟਾਲ੍ਹੀਆਂ ਪ੍ਰਸਿੱਧ ਹਨ:-#੧. ਅਮ੍ਰਿਤਸਰ ਜੀ ਵਿੱਚ ਸੰਤੋਖਸਰ ਦੇ ਕਿਨਾਰੇ ਉਹ ਟਾਲ੍ਹੀ ਜਿਸ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਵਿਰਾਜਿਆ ਕਰਦੇ ਸਨ।#੨. ਡੇਰਾ ਬਾਬਾ ਨਾਨਕ ਤੋਂ ਸੱਤ ਕੋਹ ਉੱਤਰ ਪਿੰਡ ਪੱਖੋਕੇ ਤੋਂ ਪੱਛਮ, ਆਬਾਦੀ ਦੇ ਨਾਲ ਹੀ ਬਾਬਾ ਸ਼੍ਰੀਚੰਦ ਜੀ ਦੀ ਟਾਲ੍ਹੀ, ਜਿਸ ਹੇਠ ਬੈਠਕੇ ਧ੍ਯਾਨਪਰਾਇਣ ਹੋਇਆ ਕਰਦੇ ਸਨ ਅਤੇ ਇੱਥੇ ਇੱਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਭੀ ਬਾਬਾ ਜੀ ਦਾ ਦਰਸ਼ਨ ਕਰਨ ਗਏ ਕੁਝ ਕਾਲ ਵਿਰਾਜੇ ਹਨ. ਇਸ ਗੁਰਦ੍ਵਾਰੇ ਨਾਲ ੫੦ ਘੁਮਾਉਂ ਜ਼ਮੀਨ ਇੱਥੇ, ਅਤੇ ੩੦੦ ਵਿੱਘੇ ਬਾਰ ਵਿੱਚ ਹੈ ਅਰ ਤੇਰਾਂ ਸੌ ਰੁਪਏ ਸਾਲਾਨਾ ਜਾਗੀਰ ਹੈ. ਅੱਸੂ ਬਦੀ ੫. ਨੂੰ ਮੇਲਾ ਲਗਦਾ ਹੈ.#੩. ਜਿਲ੍ਹਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ, ਥਾਣਾ ਸ਼ਾਹਗਰੀਬ ਵਿੱਚ ਇੱਕ ਪਿੰਡ ਘੱਕਾ ਕੋਟਲੀ ਹੈ, ਉਸ ਤੋਂ ਅਗਨਿ ਕੋਣ ਆਬਾਦੀ ਦੇ ਪਾਸ ਹੀ ਗੁਰੂ ਹਰਿਰਾਇ ਸਾਹਿਬ ਟਾਲ੍ਹੀ ਬਿਰਛ ਹੇਠ ਵਿਰਾਜੇ ਹਨ, ਜੋ ਹੁਣ ਸੁੱਕ ਗਿਆ ਹੈ, ਪਰ ਉਸ ਦੀ ਥਾਂ ਹੋਰ ਪੈਦਾ ਹੋਗਿਆ ਹੈ. ਇੱਥੇ ਗੁਰੂ ਸਾਹਿਬ ਨੇ ਮੂਲੇ ਨੂੰ ਖ਼ਰਗੋਸ਼ ਦੀ ਯੋਨਿ ਤੋਂ ਮੁਕ੍ਤ ਕੀਤਾ, ਜਿਸਦੀ ਸਮਾਧ ਪਿੰਡ ਕਲ੍ਹਾਬੂਹਾ ਦੇ ਪਾਸ ਸੜਕ ਦੇ ਕਿਨਾਰੇ ਹੈ. ਭਾਈ ਫਤੇਚੰਦ ਪ੍ਰੇਮੀ ਸਿੱਖ ਦੀ ਪ੍ਰੀਤਿ ਕਰਕੇ ਗੁਰੂ ਸਾਹਿਬ ਕੁਝ ਦਿਨ ਇਸ ਟਾਲ੍ਹੀ ਪਾਸ ਠਹਿਰੇ ਹਨ. ਇਸ ਗੁਰਦ੍ਵਾਰੇ ਨੂੰ ਪੰਜਾਹ ਵਿੱਘੇ ਜ਼ਮੀਨੇ, ਅਤੇ ਸੌ ਰੁਪਯਾ ਸਾਲਾਨਾ ਜਾਗੀਰ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਨਾਰੋਵਾਲ ਤੋਂ ਨੌ ਮੀਲ ਪੂਰਵ ਹੈ.#੪. ਜ਼ਿਲ੍ਹਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਰਾਹੋਂ ਦੇ ਪਿੰਡ ਦੌਲਤਪੁਰ ਤੋਂ ਵਾਯਵੀ ਕੋਣ ਆਬਾਦੀ ਦੇ ਨਾਲ ਹੀ ਬਾਬਾ ਸ਼੍ਰੀਚੰਦ ਜੀ ਦਾ ਅਸਥਾਨ ਹੈ. ਬਾਬਾ ਜੀ ਕੀਰਤਪੁਰ ਵੱਲ ਜਾਂਦੇ ਹੋਏ ਤਿੰਨ ਦਿਨ ਇੱਥੇ ਟਾਲ੍ਹੀ ਹੇਠ ਰਹੇ. ਇਸ ਨਾਲ ੧੭. ਘੁਮਾਉਂ ਦੇ ਕ਼ਰੀਬ ਜ਼ਮੀਨ ਹੈ. ੧. ਹਾੜ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ੯. ਮੀਲ ਪੂਰਵ ਹੈ।#੫. ਜਿਲ੍ਹਾ ਹੁਸ਼ਿਆਰਪੁਰ, ਤਸੀਲ ਦੁਸੂਹਾ, ਥਾਣਾ ਟਾਂਡਾ ਦੇ ਪਿੰਡ 'ਮੂਣਕ' ਦੇ ਬਾਹਰਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਸ਼ਿਕਾਰ ਖੇਡਦੇ ਇੱਥੇ ਆਏ. ਟਾਲ੍ਹੀ ਦੇ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ. ਸਾਧਾਰਣ ਜਿਹਾ ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ ਹੈ. ਦੋ ਕਨਾਲ ਜ਼ਮੀਨ ਦਾ ਅਹ਼ਾਤ਼ਾ ਹੈ. ਹਾੜ ਵਦੀ ੧. ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਪਾਸ ਇੱਕ ਬਹੁਤ ਸੁੰਦਰ ਨਦੀ ਚਲ ਰਹੀ ਹੈ. ਰੇਲਵੇ ਸਟੇਸ਼ਨ ਟਾਂਡਾ ਤੋਂ ਉੱਤਰ ਦੇ ਮੀਲ ਦੇ ਕਰੀਬ ਹੈ।#੬. ਲਹੌਰ ਰੇਲਵੇ ਸਟੇਸ਼ਨ ਪਾਸ ਬਾਬਾ ਸ਼੍ਰੀਚੰਦ ਜੀ ਦੀ ਟਾਲ੍ਹੀ.
ਸਰੋਤ: ਮਹਾਨਕੋਸ਼