ਟਾਹਲਾਸਾਹਿਬ
taahalaasaahiba/tāhalāsāhiba

ਪਰਿਭਾਸ਼ਾ

ਪਿੰਡ ਕੁੱਬ (ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ) ਤੋਂ ਉੱਤਰ ਦਿਸ਼ਾ ਅੱਧ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਨੌਵੇਂ ਗੁਰੂ ਜੀ 'ਤਲਵੰਡੀ ਸਾਬੋ' ਤੋਂ ਆਏ ਇੱਥੇ ਟਾਹਲੀ ਹੇਠ ਵਿਰਾਜੇ, ਜਿਸ ਤੋਂ ਟਾਹਲਾਸਾਹਿਬ ਮਸ਼ਹੂਰ ਹੋ ਗਿਆ, ਉਹ ਬਿਰਛ ਹੁਣ ਸੁੱਕ ਗਿਆ ਹੈ.#ਫੇਰ ਦਸਮ ਪਾਤਸ਼ਾਹ ਜੀ ਦਮਦਮੇ ਸਾਹਿਬ ਨਿਵਾਸ ਰਖਦੇ ਹੋਏ ਕਈ ਵਾਰੀਂ ਸੈਰ ਅਤੇ ਸ਼ਿਕਾਰ ਲਈ ਇੱਥੇ ਆਕੇ ਠਹਿਰੇ ਹਨ.#ਦਸਮਗੁਰੂ ਜੀ ਦਾ ਮੰਦਿਰ ਬਣਿਆ ਹੋਇਆ ਹੈ. ਨੌਮੇ ਗੁਰੂ ਜੀ ਦਾ ਭੀ ਮੰਜੀ ਸਾਹਿਬ ਇੱਕ ਕੋਠੜੀ ਅੰਦਰ ਹੈ. ਗੁਰਦ੍ਵਾਰੇ ਨਾਲ ੨੫੦ ਘੁਮਾਉਂ ਜ਼ਮੀਨ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਮੌੜ ਤੋਂ ਦੱਖਣ ਵੱਲ ਡੇਢ ਮੀਲ ਹੈ.
ਸਰੋਤ: ਮਹਾਨਕੋਸ਼