ਟੋਡਰਮੱਲ
todaramala/todaramala

ਪਰਿਭਾਸ਼ਾ

ਭਗਤੀਦਾਸ ਦਾ ਪੁਤ੍ਰ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਗ਼ਰੀਬ ਖਤ੍ਰੀ, ਜਿਸ ਦਾ ਜਨਮ ਸਨ ੧੫੨੩ ਵਿੱਚ ਹੋਇਆ. ਇਹ ਆਪਣੀ ਲਿਆਕ਼ਤ ਨਾਲ ਵਧਦਾ ਵਧਦਾ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆਨ. ਇਸ ਦੇ ਬਣਾਏ ਹੋਏ ਮਾਲ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਸਭ ਤੋਂ ਪਹਿਲਾਂ ਟੋਡਰਮੱਲ ਨੇ ਹੀ ਹਿੰਦੀ ਤੋਂ ਫ਼ਾਰਸੀ ਵਿੱਚ ਦਫ਼ਤਰ ਕੀਤਾ. ਟੋਡਰਮੱਲ ਬਹਾਦੁਰ ਜਰਨੈਲ ਭੀ ਸੀ. ਇਸ ਨੇ ਬੰਗਾਲ ਦੀ ਮੁਹਿੰਮ ਵਿੱਚ ਵਡੀ ਵੀਰਤਾ ਵਿਖਾਈ. ਅਕਬਰ ਦੇ ਸਨ ਜਲੂਸੀ ੩੪ ਵਿੱਚ ਲਹੌਰ ਦਾ ਹਾਕਿਮ ਬਣਿਆ. ਇਮ ਦਾ ਨਿਵਾਸ ਬਾਜ਼ਾਰ ਹਕੀਮਾਂ (ਦਰਵਾਜ਼ਾ ਭਾਟੀ) ਵਿੱਚ ਸੀ.#ਟੋਡਰਮੱਲ ਦੀ ਅਕਬਰ ਦੇ ਨੌ ਰਤਾਂ ਵਿੱਚ ਗਿਣਤੀ ਹੈ. ਕਈ ਲੇਖਕਾਂ ਨੇ ਇਸ ਨੂੰ ਕਾਮਸ੍‍ਥ (ਕਾਇਥ) ਅਤੇ ਬਾਣੀਆ ਭੀ ਲਿਖਿਆ ਹੈ. ਇਸ ਦਾ ਸਨ ੧੫੮੯ ਵਿੱਚ ਲਹੌਰ ਦੇਹਾਂਤ ਹੋਇਆ.#ਟੋਡਰਮੱਲ ਫਾਰਸੀ ਤੋਂ ਛੁੱਟ ਹਿੰਦੀ ਦਾ ਭੀ ਉੱਤਮ ਕਵੀ ਸੀ. ਦੇਖੋ, ਉਸ ਦੀ ਰਚਨਾ-#ਗੁਣ ਬਿਨ ਜ੍ਯੋਂ ਕਮਾਨ ਗੁਰੁ ਬਿਨ ਜੈਸੇ ਗ੍ਯਾਨ#ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ,#ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ ਜੈਸੇ#ਵੇਸ਼੍ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ,#ਤਾਰ ਬਿਨ ਯੰਤ੍ਰ ਜੈਸੇ ਸ੍ਯਾਨੇ ਬਿਨ ਮੰਤ੍ਰ ਜੈਸੇ#ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ,#"ਟੋਡਰ" ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ#ਧਰਮ ਵਿਹੀਨ ਧਨ ਪਕ੍ਸ਼ੀ ਬਿਨ ਪਰ ਹੈ.#੨. ਸਰਹਿੰਦ ਦਾ ਵਸਨੀਕ ਇੱਕ ਸ਼ਾਹੂਕਾਰ, ਜਿਸ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਯ ਦਿੱਤਾ. ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਇਸ ਨੇ ਕੀਤਾ ਸੀ.
ਸਰੋਤ: ਮਹਾਨਕੋਸ਼