ਡਰੌਲੀ
daraulee/daraulī

ਪਰਿਭਾਸ਼ਾ

ਫ਼ਿਰੋਜ਼ਪੁਰ ਦੇ ਜਿਲੇ, ਤਸੀਲ ਥਾਣਾ ਮੋਗਾ ਦਾ ਇੱਕ ਪਿੰਡ, ਜਿੱਥੇ ਮਾਈ ਰਾਮੋ ਦਾ ਪਤਿ ਭਾਈ ਸਾਂਈਦਾਸ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਢੂ ਰਹਿੰਦਾ ਸੀ. ਇਹ ਪਤਿ ਪਤਨੀ ਗੁਰੂ ਸਾਹਿਬ ਦੇ ਅਨੰਨ ਭਗਤ ਅਤੇ ਸੇਵਕ ਸਨ. ਇਨ੍ਹਾਂ ਦੇ ਪ੍ਰੇਮ ਵਸ਼ ਹੋ ਕੇ ਛੀਵੇਂ ਗੁਰੂ ਸਾਹਿਬ ਕਈ ਵਾਰ ਡਰੋਲੀ ਆਕੇ ਚਿਰਕਾਲ ਰਹਿੰਦੇ ਰਹੇ.#ਇਸੇ ਥਾਂ ਤੋਂ ਜਾ ਕੇ ਸਤਿਗੁਰੂ ਨੇ ਭਾਈ ਰੂਪਚੰਦ ਦਾ ਸੀਤਲ ਜਲ ਛਕਿਆ ਸੀ. ਬਾਬਾ ਗੁਰਦਿੱਤਾ ਜੀ ਦਾ ਜਨਮ ਇਸੇ ਪਿੰਡ ਹੋਇਆ ਹੈ. ਜਨਮਅਸਥਾਨ ਤੇ ਦਮਦਮਾ ਬਣਿਆ ਹੋਇਆ ਹੈ. ਇੱਥੇ ਨੰਦਚੰਦ ਵਾਲਾ ਗੁਰੂ ਗ੍ਰੰਥਸਾਹਿਬ ਹੈ, ਜੋ ਉਸ ਨੇ ਉਦਾਸੀ ਸਾਧਾਂ ਤੋਂ ਖੋਹ ਲਿਆ ਸੀ. ਦੇਖੋ, ਨੰਦਚੰਦ.#ਗੁਰੂ ਹਰਿਗੋਬਿੰਦ ਸਾਹਿਬ ਦਾ ਲਗਵਾਇਆ ਇੱਥੇ ਇੱਕ ਖੂਹ ਹੈ. ਮਾਤਾ ਦਮੋਦਰੀ ਜੀ ਦਾ ਇੱਥੇ ਹੀ ਦੇਹਾਂਤ ਹੋਇਆ ਸੀ. ਦੇਹਰਾ ਬਣਿਆ ਹੋਇਆ ਹੈ.#ਪਿੰਡ ਤੋਂ ਬਾਹਰ ਜਿਥੇ ਗੁਰੂਸਾਹਿਬ ਦੀਵਾਨ ਲਗਾਇਆ ਕਰਦੇ ਸਨ, ਉੱਥੇ ਸੁੰਦਰ ਦਰਬਾਰ ਹੈ. ਇਸ ਨੂੰ ੧੮੦ ਘੁਮਾਉਂ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਦਿੱਤੀ ਹੋਈ ਹੈ. ਇਕਵੰਜਾ ਰੁਪਯੇ ਰਿਆਸਤ ਨਾਭੇ ਤੋਂ ਮਿਲਦੇ ਹਨ. ਦੋ ਸੌ ਰੁਪਯੇ ਸਾਲਾਨਾ ਪਿੰਡ ਅੰਗੀਆਂ ਜਿਲਾ ਅੰਬਾਲਾ ਵਿੱਚੋਂ ਜਾਗੀਰ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਡਗਰੂ ਤੋਂ ਡੇਢ ਮੀਲ ਦੱਖਣ ਪੱਛਮ ਹੈ.
ਸਰੋਤ: ਮਹਾਨਕੋਸ਼