ਤਕ੍ਸ਼੍‍ਸਿਲਾ
taksh‍silaa/taksh‍silā

ਪਰਿਭਾਸ਼ਾ

ਸੰ. तक्षशिला. Taxila ਸੰਗ੍ਯਾ- ਦਸ਼ਰਥ ਦੇ ਪੋਤੇ, ਭਰਤ ਦੇ ਪੁਤ੍ਰ "ਤਕ੍ਸ਼੍‍" ਦੀ ਵਸਾਈ ਹੋਈ ਇੱਕ ਨਗਰੀ, ਜੋ ਗੰਧਾਰ ਦੇਸ਼ ਦੀ ਰਾਜਧਾਨੀ ਸੀ. ਇਸ ਦੇ ਖੰਡਹਰ ਇਸ ਵੇਲੇ ਟੈਕਸੀਲਾ ਨਾਮਕ ਨਾਰਥ ਵੈਸਟਰਨ ਰੇਲਵੇ ਦੇ ਸਟੇਸ਼ਨ¹ ਪਾਸ ਜਿਲੇ ਰਾਵਲਪਿੰਡੀ ਵਿੱਚ ਦੇਖੇ ਜਾਂਦੇ ਹਨ. ਵਿਦੇਸ਼ੀ ਯਾਤ੍ਰੀਆਂ ਦੇ ਲੇਖ ਤੋਂ ਪਤਾ ਲੱਗਦਾ ਹੈ ਕਿ ਇਹ ਨਗਰ ਬੌੱਧਮਤ ਦੀ ਵਿਦ੍ਯਾ ਦਾ ਕੇਂਦ੍ਰ ਸੀ. ਰਾਜਾ ਬਿੰਬਸਾਰ ਦਾ ਵੈਦ੍ਯ "ਜੀਵਕ" ਨੌ ਵਰ੍ਹੇ ਤਕ੍ਸ਼੍‍ਸ਼ਿਲਾ ਵਿੱਚ ਵੈਦ੍ਯ ਵਿਦ੍ਯਾ ਪੜ੍ਹਕੇ ਮਸ਼ਹੂਰ ਵੈਦ੍ਯ ਹੋਇਆ ਸੀ. ਸਿਕੰਦਰ ਨੇ ਜਿਸ ਵੇਲੇ ਤਕ੍ਸ਼੍‍ਸ਼ਿਲਾ ਨੂੰ ਫ਼ਤੇ ਕੀਤਾ, ਤਦ ਇਸਦਾ ਰਾਜਾ "ਅੰਭੀ" ਸੀ. ਹੁਣ ਇਸ ਦੇ ਚਿੰਨ੍ਹ ਦੱਸ ਰਹੇ ਹਨ ਕਿ ਕਿਸੇ ਸਮੇਂ ਇਹ ਸ਼ਹਿਰ ਵਡੇ ਵਿਸ੍ਤਾਰ ਵਿੱਚ ਸੀ. ਇਸ ਸਮੇਂ ਇਹ ਅਸਥਾਨ "ਢੇਰੀਸ਼ਾਹਾਂਨ" ਨਾਮ ਕਰਕੇ ਪ੍ਰਸਿੱਧ ਹੈ.#ਚੀਨੀ ਯਾਤ੍ਰੀ "ਫਾਹਿਯਾਨ" ਲਿਖਦਾ ਹੈ ਕਿ ਬੁੱਧ ਭਗਵਾਨ ਨੇ ਆਪਣਾ ਸਿਰ ਕਿਸੇ ਨੂੰ ਇਸ ਥਾਂ ਦਾਨ ਕਰ ਦਿੱਤਾ ਸੀ, ਇਸ ਕਾਰਣ "ਤਕ੍ਸ਼੍‍ਸ਼ਿਰਾ" ਨਾਮ ਹੋਇਆ, ਜਿਸ ਤੋਂ ਲੋਕਾਂ ਨੇ ਤਕ੍ਸ਼੍‍ਸ਼ਿਲਾ ਬਣਾ ਲਿਆ. ਸਰ ਜਾਨ ਮਾਰਸ਼ਲ (Sir John Marshall) ਨੇ ਇੱਥੋਂ ਦੇ ਪੁਰਾਣੇ ਨਿਸ਼ਾਨਾਂ ਦੀ ਖੋਜ ਪੜਤਾਲ ਕੀਤੀ ਹੈ ਅਤੇ ਕਈ ਨਵੀਆਂ ਗੱਲਾਂ ਲੱਭਕੇ ਪੁਰਾਣੇ ਇਤਿਹਾਸ ਵਿੱਚ ਵਾਧਾ ਕੀਤਾ ਹੈ. ਇੱਥੇ ਇੱਕ ਅਜਾਇਬਘਰ ਬਣਾਇਆ ਗਿਆ ਹੈ, ਜਿਸ ਵਿੱਚ ਇੱਥੋਂ ਲੱਭੀਆਂ ਚੀਜਾਂ ਨੂੰ ਸਾਂਭਕੇ ਰੱਖਿਆ ਹੋਇਆ ਹੈ.
ਸਰੋਤ: ਮਹਾਨਕੋਸ਼