ਪਰਿਭਾਸ਼ਾ
ਇਸ ਦਾ ਨਾਮ ਤ੍ਰਿਲੋਚਨ ਮਿਸ਼੍ਰ ਸੀ. ਇਹ ਬ੍ਰਾਹਮਣ, ਆਪਣੇ ਸਮੇਂ ਵਿੱਚ ਰਾਗਵਿਦ੍ਯਾ ਦਾ ਆਚਾਰਯ ਮੰਨਿਆ ਗਿਆ ਹੈ. ਵ੍ਰਿੰਦਾਵਨ ਨਿਵਾਸੀ ਸ੍ਵਾਮੀ ਹਰਿਦਾਸ ਦਾ ਸਿੱਖ ਹੋਕੇ ਇਸਨੇ ਰਾਗਵਿਦ੍ਯਾ ਸਿੱਖੀ ਅਤੇ ਭਾਟ ਦੇ ਰਾਜਾ ਰਾਮਚੰਦ੍ਰ ਬਘੇਲਾ ਦੇ ਦਰਬਾਰ ਵਿੱਚ ਬਹੁਤ ਨਾਮ ਪਾਇਆ. ਬਾਦਸ਼ਾਹ ਅਕਬਰ ਨੇ ਇਸ ਦੀ ਕੀਰਤੀ ਸੁਣਕੇ ਆਪਣੇ ਦਰਬਾਰ ਵਿੱਚ ਬੁਲਾ ਲਿਆ ਅਤੇ ਬਹੁਤ ਧਨ ਅਰ ਮਾਨ ਦੇਕੇ ਆਪਣੇ ਪਾਸ ਰੱਖਿਆ¹ ਗਵਾਲੀਅਰ ਨਿਵਾਸੀ ਪੀਰ ਗ਼ੌਸ- ਮੁਹ਼ੰਮਦ ਦੀ ਸੰਗਤਿ ਨਾਲ ਇਹ ਮੁਸਲਮਾਨ ਹੋ ਗਿਆ ਅਰ ਨਾਮ ਤਾਨਸੇਨ ਪ੍ਰਸਿੱਧ ਹੋਇਆ. ਤਾਨਸੇਨ ਦਾ ਦੇਹਾਂਤ ਸਨ ੧੫੮੮ ਵਿੱਚ ਹੋਇਆ. ਉਸ ਦੀ ਕ਼ਬਰ ਗਵਾਲੀਅਰ ਵਿੱਚ ਗਵੈਯੇ ਲੋਕਾਂ ਦਾ ਯਾਤ੍ਰਾ ਅਸਥਾਨ ਹੈ ਅਰ ਕ਼ਬਰ ਪਾਸ ਜੋ ਇਮਲੀ ਦਾ ਬਿਰਛ ਹੈ ਉਸ ਦੇ ਪੱਤੇ ਬਹੁਤ ਗਾਇਕ ਇਸ ਲਈ ਚਬਦੇ ਹਨ ਕਿ ਕੰਠ ਸੁਰੀਲਾ ਹੋ ਜਾਵੇ.
ਸਰੋਤ: ਮਹਾਨਕੋਸ਼