ਪਰਿਭਾਸ਼ਾ
ਜਿਲਾ ਲਹੌਰ, ਤਸੀਲ ਕੁਸੂਰ ਦੇ 'ਬਾਂਇ ਡੱਲ' ਪਿੰਡ ਦਾ (ਜੋ ਹੁਣ "ਵਾਂ" ਪ੍ਰਸਿੱਧ ਹੈ) ਵਸਨੀਕ ਬੁੱਟਰ ਜ਼ਿਮੀਂਦਾਰ ਸਿਦਕੀ ਅਤੇ ਵਰਤਾਕੇ ਛਕਣਵਾਲਾ ਸਿੰਘ ਸੀ. ਸਾਹਿਬਰਾਇ ਚੌਧਰੀ ਨੌਸ਼ੈਰਾ ਨੇ ਇਸ ਦੇ ਸਿਰ ਆਪਣੀਆਂ ਘੋੜੀਆਂ ਦੀ ਚੋਰੀ ਲਾਕੇ ਮਿਰਜ਼ਾ ਜਾਫ਼ਰਬੇਗ ਪੱਟੀ ਦੇ ਹ਼ਾਕਿਮ ਨੂੰ ਪੰਜ ਸੌ ਸਵਾਰ ਨਾਲ ਚੜ੍ਹਾ ਲਿਆਂਦਾ. ਏਧਰ ਤਾਰਾਸਿੰਘ ਦੀ ਸਹਾਇਤਾ ਵਾਸਤੇ ਸਵਾ ਸੌ ਸਿੰਘ ਜਮਾ ਹੋ ਗਿਆ. ਮੁਠਭੇੜ ਵਿੱਚ ਤੁਰਕੀ ਸੈਨਾ ਦੇ ਪੈਰ ਹੱਲ ਗਏ. ਲਹੌਰ ਦੇ ਸੂਬੇ ਨੇ ਮੋਮਿਨਖ਼ਾਂ ਨੂੰ ਹੋਰ ਫ਼ੌਜ ਦੇਕੇ ਭੇਜਿਆ ਅਤੇ ਵੈਸਾਖ ਸੰਮਤ ੧੭੮੩ (ਸਨ ੧੭੨੫) ਵਿੱਚ ਤਾਰਾਸਿੰਘ ਜੀ ਮੋਮਿਨਖ਼ਾਂ ਨੂੰ ਹਾਥੀ ਤੋਂ ਡੇਗਕੇ ਸ਼ਹੀਦ ਹੋਏ. ਆਪ ਦਾ ਸ਼ਹੀਦਗੰਜ ਖ਼ਾਦਿਮਗੜ੍ਹੀ ਪਾਸ ਪ੍ਰਸਿੱਧ ਅਸਥਾਨ ਹੈ। ੨. ਗਿੜਵੜੀ (ਜਿਲਾ ਹੁਸ਼ਿਆਰਪੁਰ) ਦੇ ਨਿਵਾਸੀ ਸੰਤ ਗੁਲਾਬਸਿੰਘ ਜੀ ਦੇ ਚਾਟੜੇ ਪੰਡਿਤ ਤਾਰਾਸਿੰਘ ਜੀ. ਜਿਨ੍ਹਾਂ ਨੂੰ ਮਹਾਰਾਜਾ ਨਰੇਂਦ੍ਰਸਿੰਘ ਜੀ ਨੇ ਪਟਿਆਲੇ ਵਡੇ ਸਨਮਾਨ ਨਾਲ ਰੱਖਿਆ. ਇਹ ਸੰਸਕ੍ਰਿਤ ਦੇ ਵਡੇ ਪੰਡਿਤ ਅਤੇ ਗੁਰਬਾਣੀ ਦੇ ਗ੍ਯਾਨੀ ਸਨ. ਸੰਤ ਤਾਰਾਸਿੰਘ ਜੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ ਯਥਾ- ਸੰਮਤ ੧੯੨੨ ਵਿੱਚ ਮੋਖਪੰਥ ਦਾ ਟੀਕਾ, ਸੰਮਤ ੧੯੨੩ ਵਿੱਚ ਸੁਰਤਰੁ ਕੋਸ਼, ਸੰਮਤ ੧੯੩੪ ਵਿੱਚ ਗੁਰਮਤ ਨਿਰਣਯ ਸਾਗਰ, ਸੰਮਤ ੧੯੩੫ ਵਿੱਚ ਅਕਾਲਮੂਰਤਿ ਪ੍ਰਦਰਸ਼ਨ ਅਤੇ ਗੁਰੂਵੰਸ਼ ਤਰੁ ਦਰਪਣ, ਸੰਮਤ ੧੯੩੬ ਵਿੱਚ ਜਪੁ ਰਹਿਰਾਸ ਸੋਹਿਲਾ ਅਤੇ ਹਜਾਰੇ ਸ਼ਬਦਾਂ ਦਾ ਟੀਕਾ, ਸੰਮਤ ੧੯੩੯ ਵਿੱਚ ਭਗਤਾਂ ਦੀ ਬਾਣੀ ਦਾ ਟੀਕਾ, ਸੰਮਤ ੧੯੪੦ ਵਿੱਚ ਗੁਰੁਤੀਰਥਸੰਗ੍ਰਹ, ਸੰਮਤ ੧੯੪੨ ਵਿੱਚ ਸ੍ਰੀ ਰਾਗ ਦਾ ਟੀਕਾ, ਸੰਮਤ ੧੯੪੬ ਵਿੱਚ ਗੁਰੁਗਿਰਾਰਥ ਕੋਸ਼.#ਪੰਡਿਤ ਤਾਰਾ ਸਿੰਘ ਜੀ ਦੀ ਕਵਿਤਾ ਇਹ ਹੈ:-#ਸ੍ਵਤੇਸਿੱਧ ਸੁੱਧ ਬੁੱਧ ਨਿਤ੍ਯ ਨਿਰ੍ਵਿਕਾਰ ਰੂਪ#ਨਿਜੁਰ ਨਿਰੀਹ ਨਿਰਦੋਖ ਨਿਰਾਕਾਰ ਹੈ,#ਅਜ ਅਬਿਨਾਸੀ ਆਦਿ ਅੰਤ ਸੇ ਬਿਹੀਨ ਰੂਪ#ਅਲਖ ਅਪਾਰ ਪਾਰ ਨਿਖਲ ਪਸਾਰ ਹੈ,#ਏਕ ਰੂਪ ਏਕ ਜੋਤਿ ਏਕ ਸੁਖ ਏਕ ਓਤ#ਏਕ ਨਿਧੀ ਏਕ ਦੇਵ ਏਕਾ ਏਕੰਕਾਰ ਹੈ,#ਵਹੀ ਨਿਜ ਮਾਯ ਮੈ ਪਸਾਰ ਜੋਤਿ ਤੀਨ ਰੂਪ#ਧਾਰਕੇ ਕਹਾਯੋ ਗਿਰਾਸਾਰ ਓਅੰਕਾਰ ਹੈ.#ਕਹੇ ਉਪਦੇਸ਼ ਵਾਰੇ ਸਭੀ ਗੁਰੁ ਪ੍ਯਾਰੇ ਭਾਰੇ#ਕੋਮਲ ਚਿਤੈ ਸੇ ਪੇਖੇ ਗੁਰੁਵਰ ਜਗ ਮੈ,#ਰਾਖੀਏ ਧਰਮਹਿੰਦ ਕਾਟੀਏ ਯਵਨ ਕੁਲ#ਜਾਪੀਏ ਪੁਰਾਨੋ ਜਾਪ ਚਾਲ ਜਾਹ ਮਗ ਮੈ,#ਭਾਖ੍ਯੋ ਹਮ ਚਿਰੀ ਮ੍ਰਿਗ ਵੇ ਤੋ ਸਮ ਬਾਜ ਸਿੰਘ#ਕੈਸੇ ਹਮ ਮਾਰ ਲੇਂ ਕੁਹਾਰੋ ਨਿਜ ਪਗ ਮੈ?#ਅਮ੍ਰਿਤ ਦੈ ਕੀਨੇ ਇਹ ਸਭੀ ਜਨ ਬਾਜ ਸਿੰਘ#ਸ਼੍ਰੀ ਗੁਰੂ ਗੋਬਿੰਦਸਿੰਘ ਬੰਦੋ ਪਗ ਲਗ ਮੈ.#੩. ਮਹਾਰਾਣੀ ਮਤਾਬਕੌਰ ਦੀ ਕੁੱਖ ਤੋਂ ਮਹਾਰਾਜਾ ਰਣਜੀਤਸਿੰਘ ਜੀ ਦਾ ਪੁਤ੍ਰ. ਇਸ ਦਾ ਦੇਹਾਂਤ ਸਿਤੰਬਰ ਸਨ ੧੮੫੯ ਵਿੱਚ ਦਸੂਹੇ (ਹੁਸ਼ਿਆਰਪੁਰ ਦੇ ਜਿਲੇ) ਹੋਇਆ। ੪. ਕੰਗ ਜੱਟ ਸਰਦਾਰ, ਜੋ ਸਰਦਾਰ ਗੁਲਾਬਸਿੰਘ ਪਿੱਛੋਂ ਡੱਲੇਵਾਲੀਆਂ ਦੀ ਮਿਸਲ ਦਾ ਮੁਖੀਆ ਹੋਇਆ. ਇਸ ਨੇ ਦੁਆਬੇ ਅਤੇ ਲੁਦਿਆਨੇ ਦੇ ਇਲਾਕੇ ਬਹੁਤ ਮੁਲਕ ਮੱਲਿਆ. ਤਾਰਾਸਿੰਘ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ. ਸਨ ੧੮੦੭ (ਸੰਮਤ ੧੮੬੪) ਵਿੱਚ ਨਰਾਇਣਗੜ੍ਹ ਦੀ ਲੜਾਈ ਵਿੱਚ ਤਾਰਾਸਿੰਘ ਦਾ ਦੇਹਾਂਤ ਹੋਇਆ.
ਸਰੋਤ: ਮਹਾਨਕੋਸ਼