ਪਰਿਭਾਸ਼ਾ
ਸਤਿਗੁਰੂ ਦੇ ਅਨੰਨ ਸਿੱਖ ਸ਼ਹੀਦ ਤਾਰੂਸਿੰਘ ਜੀ, ਜੋ ਪੂਲ੍ਹਾ ਪਿੰਡ (ਜਿਲਾ ਲਹੌਰ, ਤਸੀਲ ਕੁਸੂਰ) ਦੇ ਰਹਿਣ ਵਾਲੇ ਕਿਰਤੀ ਭਜਨੀਕ, ਪੰਥ ਸੇਵੀ ਸਿੰਘ ਸਨ. ਨਿਰੰਜਨੀਏ ਮਹੰਤ ਨੇ ਖ਼ਾਨ ਬਹਾਦੁਰ ਸੂਬਾਲਹੌਰ ਪਾਸ ਝੂਠੀ ਸ਼ਕਾਯਤ ਕਰਕੇ ਕਿ ਤਾਰੂਸਿੰਘ ਡਾਕੂਆਂ ਨੂੰ ਪਨਾਹ ਤੇ ਸਹਾਇਤਾ ਦਿੰਦਾ ਹੈ ਅਰ ਚੋਰੀ ਕਰਵਾਉਂਦਾ ਹੈ, ਇਨ੍ਹਾਂ ਨੂੰ ਕ਼ੈਦ ਕਰਵਾ ਦਿੱਤਾ. ਜਦ ਇਸਲਾਮ ਕ਼ਬੂਲ ਨਾ ਕੀਤਾ, ਤਦ ਭਾਈ ਸਾਹਿਬ ਦੀ ਕੇਸ਼ਾਂ ਸਮੇਤ ਖੇਪਰੀ ਰੰਬੀ ਨਾਲ ਜੱਲਾਦ ਤੋਂ ਉਤਰਵਾ ਦਿੱਤੀ, ਪਰ ਤਾਰੂਸਿੰਘ ਜੀ ਸ਼ਾਂਤਚਿੱਤ ਹੋਏ ਜਪੁ ਸਾਹਿਬ ਦਾ ਪਾਠ ਕਰਦੇ ਰਹੇ. ੨੩ ਅੱਸੂ ਸੰਮਤ ੧੮੦੨ ਨੂੰ ਆਪ ਨੇ ਸ਼ਹੀਦੀ ਪਾਈ.¹ ਧਰਮਵੀਰ ਤਾਰੂਸਿੰਘ ਜੀ ਦਾ ਸ਼ਹੀਦਗੰਜ ਦਿੱਲੀ ਦਰਵਾਜ਼ੇ ਰੇਲਵੇ ਸਟੇਸ਼ਨ ਪਾਸ ਲਹੌਰ ਵਿਦ੍ਯਮਾਨ ਹੈ.
ਸਰੋਤ: ਮਹਾਨਕੋਸ਼