ਪਰਿਭਾਸ਼ਾ
ਸੰ. तिलक. ਸੰਗ੍ਯਾ- ਤਿਲ ਦੇ ਫੁੱਲ ਵਾਂਙ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ. ਟੀਕਾ. "ਗਲਿ ਮਾਲਾ ਤਿਲਕੁ ਲਿਲਾਟੰ." (ਵਾਰ ਆਸਾ) ਹਿੰਦੂਮਤ ਦੇ ਅਨੇਕ ਭੇਦ ਹੋਣ ਕਰਕੇ ਤਿਲਕਾਂ ਵਿੱਚ ਭੀ ਬਹੁਤ ਫ਼ਰਕ਼ ਹੈ. ਸ਼ੈਵ ਤ੍ਰਿਪੁੰਡ੍ਰ ਆੜਾ (ਟੇਢਾ) ਤਿਲਕ, ਅਤੇ ਵੈਸਨਵ ਖੜਾ ਤਿਲਕ (ਊਰਧਪੁੰਡ੍ਰ) ਲਗਾਉਂਦੇ ਹਨ. ਦੇਖੋ, ਤ੍ਰਿਪੁੰਡ੍ਰ.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੈਸਨਵ ਨੂੰ ੧੨. ਤਿਲਕ ਬਾਰਾਂ ਨਾਮ ਲੈਕੇ ਲਾਉਣੇ ਚਾਹੀਏ:-#ਕੇਸ਼ਵ ਨਾਮ ਲੈਕੇ ਮੱਥੇ ਉੱਪਰ, ਪੇਟ ਪੁਰ ਨਾਰਾਯਣ ਨਾਮ ਨਾਲ, ਛਾਤੀ ਪੁਰ ਮਾਧਵ, ਕੰਠ ਪੁਰ ਗੋਬਿੰਦ, ਸੱਜੀ ਕੁੱਖ ਪੁਰ ਵਿਸਨੁ, ਸੱਜੀ ਬਾਂਹ ਪੁਰ ਮਧੁਸੂਦਨ, ਸੱਜੇ ਕੰਧੇ ਪੁਰ ਤ੍ਰਿਵਿਕ੍ਰਮ, ਖੱਬੀ ਕੁੱਖ ਪੁਰ ਵਾਮਨ, ਖੱਬੀ ਬਾਂਹ ਪੁਰ ਸ੍ਰੀਧਰ, ਖੱਬੇ ਕੰਧੇ ਪੁਰ ਹ੍ਰਿਸੀਕੇਸ਼, ਪਿੱਠ ਤੇ ਪਦਮਨਾਭ ਅਤੇ ਕਮਰ ਪੁਰ ਦਾਮੋਦਰ ਨਾਮ ਉੱਚਾਰਣ ਕਰਕੇ ਤਿਲਕ ਕਰਨਾ ਚਾਹੀਏ. "ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਇਆ." (ਭਾਗੁ) ੨. ਰਾਜਸਿੰਘਾਸਨ ਤੇ ਬੈਠਣ ਸਮੇਂ ਤਿਲਕ (ਟਿੱਕੇ) ਦੀ ਰਸਮ। ੩. ਵਿਆਹ ਦਾ ਸੰਬੰਧ ਪੱਕਾ ਕਰਨ ਲਈ ਵਰ ਦੇ ਮੱਥੇ ਟਿੱਕਾ ਲਾਉਣ ਦੀ ਕ੍ਰਿਯਾ। ੪. ਪੁੰਨਾਗ ਜਾਤਿ ਦਾ ਇੱਕ ਬਿਰਛ, ਜੋ ਬਸੰਤ ਰੁਤ ਵਿੱਚ ਫੁਲਦਾ ਹੈ. L. Clerodendrum phlomoides । ੫. ਮਰੂਆ। ੬. ਗ੍ਰੰਥ ਦੀ ਵ੍ਯਾਖ੍ਯਾ. ਟੀਕਾ। ੭. ਤਿਲ ਦਾ ਬੂਟਾ। ੮. ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇੱਕ ਯੋਗੀ, ਜੋ ਪ੍ਰਗਟ ਕਰਦਾ ਸੀ ਕਿ ਮੇਰੇ ਦਰਸ਼ਨ ਤੋਂ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਭਾਈ ਤਿਲਕ ਪਾਸ ਆਇਆ, ਤਿਲਕ ਨੇ ਵਸਤ੍ਰ ਨਾਲ ਨੇਤ੍ਰ ਢਕ ਲਏ ਅਰ ਆਖਿਆ ਕਿ ਮੈਂ ਆਪਣੇ ਗੁਰਾਂ ਤੋਂ ਛੁੱਟ ਕਿਸੇ ਤੋਂ ਵੈਕੁੰਠ ਆਦਿ ਦੀ ਪ੍ਰਾਪਤੀ ਨਹੀਂ ਚਾਹੁੰਦਾ. "ਤਿਲਕ ਤਿਲੋਕਾ ਪਾਠਕਾ ਸਾਧਸੰਗਤਿ ਸੇਵਾ ਹਿਤਕਾਰਾ." (ਭਾਗੁ) ੯. ਵਿ- ਸ਼ਿਰੋਮਣਿ. ਪ੍ਰਧਾਨ. ਮੁਖੀਆ. "ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾਕੀ ਸਰਣੰ." (ਸਵੈਯੇ ਮਃ ੪. ਕੇ) ੧੦. ਤਿਲਮਾਤ੍ਰ. ਥੋੜਾ. ਤਿਲ- ਇਕ। ੧੧. ਤੁ. [تِرلیک] ਤਿਰਲੀਕ. ਸੰਗ੍ਯਾ- ਜਨਾਨਾ ਕੁੜਤਾ. ਫ਼ਰਾਖ਼ ਕੁੜਤੀ. "ਦਸ ਦਸ ਮਨ ਤਿਲਕੈਂ ਭਈ ਖਟ ਮਨ ਭਈ ਇਜਾਰ." (ਚਰਿਤ੍ਰ ੧੬੮) ਪਾਣੀ ਪੈਕੇ ਦਸ ਦਸ ਮਣ ਦੀਆਂ ਕੁੜਤੀਆਂ ਅਤੇ ਛੀ ਛੀ ਮਣ ਦੀਆਂ ਸੁੱਥਣਾਂ ਹੋ ਗਈਆਂ.; ਦੇਖੋ, ਤਿਲਕ.
ਸਰੋਤ: ਮਹਾਨਕੋਸ਼