ਪਰਿਭਾਸ਼ਾ
ਸੰ. तिलोत्त्मा. ਹਿਰਨ੍ਯਾਕ੍ਸ਼੍ ਦੇ ਪੁਤ੍ਰ ਸੁੰਦ ਅਤੇ ਉਪਸੁੰਦ ਨੇ ਤਪਸ੍ਯਾ ਕਰਕੇ ਵਰ ਪਾਇਆ ਸੀ ਕਿ ਅਸੀਂ ਕਿਸੇ ਹੋਰ ਦੇ ਮਾਰੇ ਨਾ ਮਰੀਏ. ਇਨ੍ਹਾਂ ਨੇ ਦੇਵਤਿਆਂ ਦੀ ਜਾਨ ਨੱਕ ਵਿੱਚ ਲੈਆਂਦੀ. ਬ੍ਰਹਮਾ੍ ਨੇ ਇਨ੍ਹਾਂ ਦੇ ਮਾਰਨ ਲਈ ਸਾਰੀ ਸੁੰਦਰ ਵਸਤਾਂ ਵਿੱਚੋਂ ਤਿਲ ਤਿਲ ਉੱਤਮਤਾ ਲੈਕੇ ਇੱਕ ਅਪਸਰਾ ਰਚੀ, ਜੋ ਤਿਲੋੱਤਮਾ ਕਹਾਈ.¹ ਜਦ ਤਿਲੋੱਤਮਾ ਵਿੰਧ੍ਯ ਪਰਬਤ ਤੇ ਗਈ ਜਿੱਥੇ ਕਿ ਸੁੰਦ ਉਪਸੁੰਦ ਰਹਿਂਦੇ ਸਨ, ਤਦ ਦੋਵੇਂ ਦੇਖਕੇ ਮੋਹਿਤ ਹੋ ਗਏ ਅਰ ਆਪਣੀ ਆਪਣੀ ਵਹੁਟੀ ਬਣਾਉਣ ਲਈ ਯਤਨ ਕਰਨ ਲੱਗੇ. ਤਿਲੋੱਤਮਾ ਨੇ ਆਖਿਆ ਕਿ ਦੋਹਾਂ ਵਿੱਚੋਂ ਜੋ ਬਲੀ ਹੋਵੇਗਾ ਅਤੇ ਯੁੱਧ ਵਿੱਚ ਫ਼ਤੇ ਪਾਵੇਗਾ, ਮੈਂ ਉਸੀ ਨੂੰ ਵਰਾਂਗੀ. ਇਸ ਪੁਰ ਦੋਵੇਂ ਆਪੋ ਵਿੱਚੀ ਲੜ ਮੋਏ. "ਤੀਰ ਤਿਲੋਤਮ ਕੇ ਚਲ ਆਏ. ××× ਦੁਹੂੰ ਭ੍ਰਾਤ ਵਧਕੈ ਤ੍ਰਿਯਾ ਗਈ ਬ੍ਰਹਮ੍ਪੁਰ ਧਾਇ."×× (ਚਰਿਤ੍ਰ ੧੧੬)
ਸਰੋਤ: ਮਹਾਨਕੋਸ਼