ਪਰਿਭਾਸ਼ਾ
ਪੰਜਾਬੀ ਵਿੱਚ ਇਸ ਦਾ ਪ੍ਰਸਿੱਧ ਨਾਉਂ ਤਲੌਰ ਅਤੇ ਤੁਕਤਾਰ ਹੈ. ਅਰਬੀ ਵਿੱਚ ਹ਼ਬਾਰੀ ਆਖਦੇ ਹਨ. ਇਸ ਦਾ ਕੱਦ ਵਡੇ ਕੁੱਕੜ ਜੇਡਾ ਹੁੰਦਾ ਹੈ. ਰੰਗ ਸਫੇਦੀ ਮਾਇਲ. ਖ਼ਾਕੀ, ਸਿਰ ਤੇ ਕਾਲੀਆਂ ਲੀਕਾਂ ਅਤੇ ਕੰਨਾਂ ਉੱਪਰਦੀਂ ਜੁਲਫਾਂ ਵਾਂਙ ਦੋਹੀਂ ਪਾਸੀਂ ਲਟਕਦੇ ਹੋਏ ਵਾਲ ਹੁੰਦੇ ਹਨ. ਇਸ ਦਾ ਅਸਲ ਘਰ ਪੱਛਮੀ ਪਹਾੜਾਂ ਦੇ ਮੈਦਾਨਾਂ ਵਿੱਚ ਹੈ. ਇਹ ਪੰਜਾਬ ਤੋਂ ਸਰਦੀ ਕੱਟਕੇ ਆਪਣੇ ਦੇਸ਼ ਨੂੰ ਮੁੜ ਜਾਂਦੀ ਹੈ. ਤੁਗਦਾਰੀ ਦੀ ਖੁਰਾਕ ਕੰਕਰ ਹਰੇ ਛੋਲੇ ਸਰ੍ਹੋਂ ਆਦਿ ਹੈ. ਕਦੇ ਕਦੇ ਟਿੱਡੇ ਕੀੜੇ ਭੀ ਖਾ ਲੈਂਦੀ ਹੈ. ਇਸ ਦੇ ਖੰਭ ਵਡੇ ਕੋਮਲ ਹੁੰਦੇ ਹਨ ਜੋ ਤਕੀਏ ਵਿੱਚ ਭਰੇ ਜਾਂਦੇ ਹਨ. ਇਸ ਦੀ ਉਡਾਰੀ ਤੇਜ ਨਹੀਂ, ਪਰ ਪੈਰਾਂ ਨਾਲ ਬਹੁਤ ਨੱਠਦੀ ਹੈ. ਤੁਗਦਾਰੀ ਦਰਖਤਾਂ ਤੇ ਨਹੀਂ ਬੈਠਦੀ ਆਂਡੇ ਭੀ ਜ਼ਮੀਨ ਤੇ ਹੀ ਦਿੰਦੀ ਹੈ ਅਰ ਰੇਤਲੇ ਮੈਦਾਨਾਂ ਨੂੰ ਬਹੁਤ ਪਸੰਦ ਕਰਦੀ ਹੈ. ਇਸ ਦਾ ਸ਼ਿਕਾਰ ਬੰਦੂਕ, ਫੰਧੇ, ਬਾਜ ਅਤੇ ਚਰਗ ਨਾਲ ਭੀ ਕੀਤਾ ਜਾਂਦਾ ਹੈ. ਮਾਸ ਬਹੁਤ ਸੁਆਦ ਹੁੰਦਾ ਹੈ, ਖ਼ਾਸ ਕਰਕੇ ਸਲੂਣਾ ਪੁਲਾਉ ਇਸ ਵਿੱਚ ਬਹੁਤ ਚੰਗਾ ਬਣਦਾ ਹੈ.
ਸਰੋਤ: ਮਹਾਨਕੋਸ਼