ਪਰਿਭਾਸ਼ਾ
ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਵਾਯਵੀ ਕੋਣ ਹੈ. ਇਸ ਪਿੰਡ ਦੀ ਆਬਾਦੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ#ਇੱਕ ਵਾਰ ਅਜੇਹੀ ਔੜ ਲੱਗੀ ਕਿ ਵਰਖਾ ਦੀ ਬੂੰਦ ਨਾ ਡਿਗੀ. ਸਾਰੇ ਲੋਕ ਕੱਠੇ ਹੋਕੇ ਦਾਦੂ ਨਾਮਕ ਤਪੇ ਪਾਸ (ਜੋ ਖਡੂਰ ਵਿੱਚ ਹੀ ਵਸਦਾ ਸੀ) ਗਏ, ਅਤੇ ਵਰਖਾ ਲਈ ਬੇਨਤੀ ਕੀਤੀ. ਉਸ ਨੇ ਕਿਹਾ ਕਿ ਜਦ ਤਾਈਂ ਗੁਰੂ ਅੰਗਦ ਜੀ ਖਡੂਰ ਵਸਦੇ ਹਨ, ਤਦ ਤੀਕ ਵਰਖਾ ਨਹੀਂ ਪਵੇਗੀ. ਜੇ ਉਹ ਇੱਥੋਂ ਚਲੇ ਜਾਣ, ਤਾਂ ਵਰਖਾ ਹੋਵੇਗੀ. ਇਹ ਬਾਤ ਲੋਕਾਂ ਨੇ ਗੁਰੂ ਜੀ ਪਾਸ ਜਾ ਕਹੀ, ਤਾਂ ਰਾਤ ਨੂੰ ਸਤਿਗੁਰੂ ਇਕੱਲੇ ਹੀ ਖਡੂਰ ਸਾਹਿਬ ਤੋਂ ਚੱਲਕੇ ਇੱਥੇ ਆ ਗਏ. ਇਸ ਥਾਂ ਤੋਂ ਪਿੰਡ "ਛਾਪਰੀ" ਦੀ ਸੰਗਤਿ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਈ. ਉੱਥੇ ਕੁਝ ਸਮਾਂ ਗੁਰੂ ਜੀ ਰਹੇ. ਫਿਰ ਭਰੋਵਾਲ ਪਿੰਡ ਹੁੰਦੇ ਹੋਏ ਖਡੂਰ ਵਾਸੀਆਂ ਦੀ ਪਸ਼ਚਾਤਾਪ ਸਹਿਤ ਕੀਤੀ ਹੋਈ ਅਰਜੋਈ ਮੰਨਕੇ ਮੁੜ ਖਡੂਰ ਸਾਹਿਬ ਚਰਨ ਪਾਏ.#ਪਹਿਲਾਂ ਇੱਥੇ ਸਾਧਾਰਨ ਅਸਥਾਨ ਸੀ. ੨੦- ੨੨ ਸਾਲ ਤੋਂ ਭਾਈ ਨੱਥਾਸਿੰਘ ਜੀ ਪੁਜਾਰੀ ਦੀ ਪ੍ਰੇਰਣਾ ਨਾਲ ਬਹੁਤ ਸੁੰਦਰ ਦਰਬਾਰ ਬਣ ਗਿਆ ਹੈ. ਨਿੱਤ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਵਿੱਘੇ ਜ਼ਮੀਨ ਸਰਦਾਰ ਜਗਤਸਿੰਘ ਨੰਬਰਦਾਰ ਅਤੇ ਸਰਦਾਰ ਮੰਗਲਸਿੰਘ ਚੰਦਨਸਿੰਘ ਨੇ ਦਿੱਤੀ ਹੋਈ ਹੈ। ੨. ਤ੍ਰੁਟਿ. ਘਾਟਾ. ਕਮੀ.
ਸਰੋਤ: ਮਹਾਨਕੋਸ਼